ਤਾਜਾ ਖਬਰਾਂ
ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਪਿੰਡ ਚਾਹੜਪੁਰ ਵਿਖੇ ਰਾਵੀ ਦਰਿਆ ਦੇ ਬੇਕਾਬੂ ਪਾਣੀਆਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਮੀਡੀਆ ਅੱਗੇ ਆਪਣੀ ਗੱਲ ਰੱਖੀ। ਉਹਨਾਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਵਗਨਾ ਇੰਨਾ ਤੇਜ਼ ਹੈ ਕਿ 10-10 ਫੁੱਟ ਤੱਕ ਕਿਨਾਰੇ ਟੁੱਟ ਰਹੇ ਹਨ ਅਤੇ ਬਹੁਤ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਹੇਠ ਆ ਗਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਦੋ ਹਿੱਸਿਆਂ ਵਿੱਚ ਵੰਡ ਗਈ ਹੈ। ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ 33 ਕਿੱਲੇ ਵਿੱਚੋਂ ਅੱਧੀ ਜ਼ਮੀਨ ਦਰਿਆ ਦੇ ਦੂਜੇ ਪਾਸੇ ਰਹਿ ਗਈ ਹੈ। ਹੋਰ ਕਿਸਾਨਾਂ ਨੇ ਵੀ ਆਪਣੇ ਨੁਕਸਾਨ ਬਾਰੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਮੁਆਵਜ਼ੇ ਦੇ ਬਾਵਜੂਦ ਸਰਕਾਰ ਵੱਲੋਂ ਕਦੇ ਵੀ ਕੋਈ ਢੰਗ ਦਾ ਹੱਲ ਨਹੀਂ ਕੀਤਾ ਗਿਆ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਅਧਿਕਾਰੀ ਜਾਂ ਟੀਮ ਹਾਲਾਤ ਦਾ ਜਾਇਜ਼ਾ ਲੈਣ ਨਹੀਂ ਆਈ। ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਅਸਥਾਈ ਪੁੱਲ ਬਣਾਏ ਤਾਂ ਜੋ ਕਿਸਾਨ ਆਪਣੀ ਰੇਤ ਹਟਾ ਸਕਣ ਅਤੇ ਖੇਤੀਬਾੜੀ ਦਾ ਕੰਮ ਮੁੜ ਸ਼ੁਰੂ ਕਰ ਸਕਣ। ਉਹਨਾਂ ਕਿਹਾ ਕਿ ਸਰਕਾਰ ਜਦੋਂ ਰੇਤ ਵੇਚਣ ਦਾ ਹੱਕ ਆਪਣੇ ਕੋਲ ਰੱਖਦੀ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਤੁਰੰਤ ਕਾਰਵਾਈ ਕਰੇ
ਪੰਧੇਰ ਨੇ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਗਠਨਾਂ ਅਤੇ ਸੇਵਾ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਘੜੀ ਵਿੱਚ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਜਦੋਂ ਪੁੱਲ ਬਣੇ ਤਾਂ ਟਰੈਕਟਰਾਂ ਅਤੇ ਡੀਜ਼ਲ ਦੀ ਸਹਾਇਤਾ ਨਾਲ ਦਰਿਆ ਦੇ ਕੰਢੇ ਦੀ ਰੇਤ ਹਟਾਈ ਜਾਵੇ ਤਾਂ ਜੋ ਆਉਣ ਵਾਲੀ ਗੰਹੁੰ ਬੀਜਣ ਦੀ ਪ੍ਰਕਿਰਿਆ ਸਮੇਂ ’ਤੇ ਹੋ ਸਕੇ।
Get all latest content delivered to your email a few times a month.