ਤਾਜਾ ਖਬਰਾਂ
ਸਤਲੁਜ ਦਰਿਆ ਨਾਲ ਲੱਗਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਗੱਟੀ ਰਾਜੋ ਕੇ, ਜੱਲੋ ਕੇ ਅਤੇ ਟੈਂਡੀ ਵਾਲਾ ਵਿਖੇ ਲਗੇ ਮੈਡੀਕਲ ਕੈਂਪਾਂ ਦਾ ਮੌਕਾ ਮੁਆਇਨਾ ਕੀਤਾ।
ਇਸ ਮੌਕੇ ਉਨ੍ਹਾਂ ਨੇ ਹੜ੍ਹ ਤੋਂ ਬਾਅਦ ਦੀ ਸਫਾਈ, ਲੋਕਾਂ ਦੇ ਮੁੜ ਵਸੇਬੇ, ਬਿਮਾਰੀਆਂ ਤੋਂ ਬਚਾਅ ਅਤੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਡਾਕਟਰਾਂ ਅਤੇ ਅਧਿਕਾਰੀਆਂ ਵੱਲੋਂ ਕਾਊਂਸਲਿੰਗ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰੋਟੇਸ਼ਨ ਅਧਾਰਿਤ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਦੀ ਸਿਹਤ ਦੀ ਨਿਗਰਾਨੀ ਲਈ ਮਾਹਿਰ ਡਾਕਟਰਾਂ ਦੀ ਡਿਊਟੀ ਵੀ ਲਗਾਈ ਜਾਵੇਗੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪੀੜਤਾਂ ਦੇ ਮੁੜ ਵਸੇਬੇ ਅਤੇ ਮੁਆਵਜ਼ੇ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ "ਮਿਸ਼ਨ ਚੜ੍ਹਦੀ ਕਲਾ" ਦਾ ਜ਼ਿਕਰ ਕਰਦਿਆਂ ਲੋਕਾਂ ਅਤੇ ਸੰਸਥਾਵਾਂ ਨੂੰ ਵੈੱਬਸਾਈਟ http://rangla.punjab.gov.in ਰਾਹੀਂ ਹੜ੍ਹ ਪੀੜਤਾਂ ਲਈ ਦਾਨ ਕਰਨ ਦੀ ਅਪੀਲ ਕੀਤੀ, ਤਾਂ ਜੋ ਇਕੱਠੇ ਕੀਤੇ ਫੰਡ ਸਿੱਧੇ ਲੋਕਾਂ ਦੇ ਮੁੜ ਵਸੇਬੇ ਲਈ ਵਰਤੇ ਜਾ ਸਕਣ।
ਬਾਅਦ ਵਿੱਚ ਮੰਤਰੀ ਨੇ ਐਨਜੀਓਜ਼ ਅਤੇ ਸਮਾਜ ਸੇਵੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾਵਾਂ ਨੂੰ ਘਰਾਂ ਦੀ ਨਿਰਮਾਣ ਸਹਾਇਤਾ, ਖੇਤਾਂ ਦੀ ਸਫਾਈ, ਮੈਡੀਕਲ ਸੇਵਾਵਾਂ ਅਤੇ ਸਕੂਲਾਂ–ਗਲੀਆਂ ਦੀ ਸਫ਼ਾਈ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਰਜਨੀਸ਼ ਦਹੀਆ ਨੇ ਵੀ ਕਿਹਾ ਕਿ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਫੌਜ, ਐਨਜੀਓਜ਼ ਅਤੇ ਸਥਾਨਕ ਲੋਕਾਂ ਦੇ ਯੋਗਦਾਨ ਨਾਲ ਹੜ੍ਹ ਦੌਰਾਨ ਸਥਿਤੀਆਂ ਉਤੇ ਕਾਬੂ ਪਾਇਆ ਗਿਆ ਹੈ ਅਤੇ ਹੁਣ ਵੀ ਰਾਹਤ ਕਾਰਜ ਜਾਰੀ ਹਨ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐਸਐਸਪੀ ਭੁਪਿੰਦਰ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ, ਨਿਧੀ ਕੁਮੁਦ ਬੰਬਾਹ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਐਨਜੀਓਜ਼ ਦੇ ਪ੍ਰਤੀਨਿਧੀ ਹਾਜ਼ਰ ਸਨ।
Get all latest content delivered to your email a few times a month.