ਤਾਜਾ ਖਬਰਾਂ
ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ਼ ਜੱਗਾ ਮਾਲਵਾ ਖੇਤਰ ਵਿੱਚ ਚਲਾ ਰਿਹਾ ਸੀ ਡਰੱਗ ਸਿੰਡੀਕੇਟ ਅਤੇ ਕਰਦਾ ਸੀ ਹੈਰੋਇਨ ਸਪਲਾਈ : ਡੀਜੀਪੀ ਗੌਰਵ ਯਾਦਵ
ਜਗਪ੍ਰੀਤ ਜੱਗਾ ਦੇ ਨਿਰਦੇਸ਼ਾਂ `ਤੇ ਸਰਹੱਦੀ ਖੇਤਰਾਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਗ੍ਰਿਫਤਾਰ ਕੀਤਾ ਦੋਸ਼ੀ ਯਾਸੀਨ ਮੁਹੰਮਦ : ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
ਚੰਡੀਗੜ੍ਹ/ਅੰਮ੍ਰਿਤਸਰ, 17 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਰਹੱਦ ਪਾਰ ਦੇ ਨਾਰਕੋ-ਅੱਤਵਾਦ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ ਜੱਗਾ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਸਿੰਡੀਕੇਟ ਦੇ ਮੁੱਖ ਕਾਰਕੁੰਨ ਨੂੰ 7.1 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇਸ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਬੁੱਧਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਯਾਸੀਨ ਮੁਹੰਮਦ (22) ਵਜੋਂ ਹੋਈ ਹੈ, ਜੋ ਕਿ ਸੰਭਲ, ਉੱਤਰ ਪ੍ਰਦੇਸ਼ (ਯੂਪੀ) ਦੇ ਪਿੰਡ ਅਟਵਾ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਮੋਹਾਲੀ ਦੇ ਪਿੰਡ ਲਾਲੜੂ ਵਿੱਚ ਰਹਿ ਰਿਹਾ ਸੀ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਅਸਲਾ ਐਕਟ, ਐਨਡੀਪੀਐਸ ਐਕਟ, ਚੋਰੀ ਅਤੇ ਸਨੈਚਿੰਗ ਦੇ ਮਾਮਲੇ ਦਰਜ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਗਪ੍ਰੀਤ ਸਿੰਘ ਉਰਫ਼ ਜੱਗਾ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯਾਸੀਨ ਮੁਹੰਮਦ ਨਾਲ ਮਿਲ ਕੇ ਨੈੱਟਵਰਕ ਚਲਾ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਨੈੱਟਵਰਕ ਦੇ ਅਗਲੇਰੇ-ਪਿਛਲੇਰੇ ਸਬੰਧਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗੱਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮ ਜਗਪ੍ਰੀਤ ਦੇ ਨਿਰਦੇਸ਼ਾਂ `ਤੇ ਉਸਦੇ ਸਾਥੀ ਨੇ, ਅਜਨਾਲਾ ਸੈਕਟਰ ਦੇ ਨਿਰਧਾਰਤ ਖੇਤਰ ਵਿੱਚ, ਪਾਕਿ-ਅਧਾਰਤ ਤਸਕਰਾਂ ਦੁਆਰਾ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ।ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇੱਕ ਖੁਫੀਆ ਆਪ੍ਰੇਸ਼ਨ ਚਲਾਇਆ ਅਤੇ ਸ਼ੱਕੀ ਯਾਸੀਨ ਮੁਹੰਮਦ ਨੂੰ ਛੇਹਰਟਾ ਦੇ ਵਡਾਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਪਰਤ ਰਿਹਾ ਸੀ।
ਸੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਨਸ਼ੀਲੇ ਪਦਾਰਥ ਦੀ ਬਰਾਮਦਗੀ ਤੋਂ ਬਾਅਦ, ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਯਾਸੀਨ ਖੇਪ ਨੂੰ ਜਗਪ੍ਰੀਤ ਤੱਕ ਪਹੁੰਚਾਉਂਦਾ ਸੀ, ਜੋ ਅੱਗੇ ਇਸ ਨੂੰ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਪਣੇ ਸੰਪਰਕਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਦੋਵੇਂ ਇਕੱਠੇ ਲੁਧਿਆਣਾ ਜੇਲ੍ਹ ਵਿੱਚ ਬੰਦ ਸਨ।
ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਆਸ ਹੈ।
ਇਸ ਸਬੰਧ ਵਿੱਚ, ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21ਸੀ ਅਤੇ 25 ਤਹਿਤ ਐਫਆਈਆਰ ਨੰਬਰ 186 ਮਿਤੀ 15.09.2025 ਨੂੰ ਕੇਸ ਦਰਜ ਕੀਤਾ ਗਿਆ ਹੈ।
Get all latest content delivered to your email a few times a month.