ਤਾਜਾ ਖਬਰਾਂ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜ਼ੋਨਲ ਦਫ਼ਤਰ, ਜੋ ਇਸ ਸਮੇਂ ਬਠਿੰਡਾ ਦੇ ਪਾਵਰ ਹਾਊਸ ਰੋਡ ਗਲੀ ਨੰਬਰ 12 ਵਿੱਚ ਕਿਰਾਏ ਦੇ ਮਕਾਨ ਵਿੱਚ ਚੱਲ ਰਿਹਾ ਸੀ, ਨੂੰ ਹੁਣ ਫਰੀਦਕੋਟ ਸ਼ਹਿਰ ਤਬਦੀਲ ਕੀਤਾ ਜਾ ਰਿਹਾ ਹੈ। ਇਸ ਫੈਸਲੇ ਨਾਲ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ, ਕਿਉਂਕਿ ਆਪਣੇ ਦਿਨ-ਪ੍ਰਤੀਦਿਨ ਦੇ ਛੋਟੇ-ਛੋਟੇ ਕੰਮਾਂ ਲਈ ਵੀ ਉਨ੍ਹਾਂ ਨੂੰ ਹੁਣ ਫਰੀਦਕੋਟ ਜਾਣਾ ਪਵੇਗਾ।
ਦੱਸ ਦਈਏ ਕਿ ਇਸ ਦਫ਼ਤਰ ਨਾਲ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਸਬੰਧਤ ਹਨ। ਪਰ ਬਠਿੰਡਾ ਅਤੇ ਮਾਨਸਾ ਦੇ ਉਦਯੋਗਪਤੀਆਂ ਲਈ ਦਫ਼ਤਰ ਦੀ ਦੂਰੀ ਕਾਰਨ ਸਹੂਲਤਾਂ ਘੱਟਣ ਦੀ ਬਜਾਏ ਹੋਰ ਪਰੇਸ਼ਾਨੀਆਂ ਵਧਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਬਠਿੰਡਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਇਸ ਤਬਾਦਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਦਯੋਗਾਂ ਨੂੰ ਮਦਦ ਦੇਣ ਦੀ ਥਾਂ ਉਲਟਾ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ੋਨਲ ਦਫ਼ਤਰ ਨੂੰ ਬਠਿੰਡਾ ਤੋਂ ਨਾ ਹਟਾਇਆ ਜਾਵੇ ਅਤੇ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਕਬਾਲ ਸਿੰਘ ਬਬਲੀ ਢਿੱਲੋਂ ਨੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਬਾਦਲੇ ਵਿਰੁੱਧ ਆਪਣੀ ਆਵਾਜ਼ ਉਠਾਉਣ ਅਤੇ ਸੂਬਾ ਸਰਕਾਰ ਨੂੰ ਫੈਸਲਾ ਰੱਦ ਕਰਨ ਲਈ ਮਜਬੂਰ ਕਰਨ।
Get all latest content delivered to your email a few times a month.