ਤਾਜਾ ਖਬਰਾਂ
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਬੁੱਧਵਾਰ ਨੂੰ ਤਿੰਨ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਜਾਂਚ ਕੀਤੀ। ਇਸ ਦੌਰਾਨ ਸੈਂਟਰਾਂ ਦੇ ਰਿਕਾਰਡ ਬੜੀ ਗੰਭੀਰਤਾ ਨਾਲ ਵੇਖੇ ਗਏ ਅਤੇ ਪੀ.ਸੀ.ਪੀ.ਐਨ.ਡੀ.ਟੀ. ਐਕਟ ਅਨੁਸਾਰ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਇਸ ਕਾਰਵਾਈ ਦੌਰਾਨ ਕਾਰਜਕਾਰੀ ਪੀ.ਐੱਨ.ਡੀ.ਟੀ. ਕੋਆਰਡੀਨੇਟਰ ਸ੍ਰੀ ਹਰਨੇਕ ਸਿੰਘ ਵੀ ਹਾਜ਼ਰ ਸਨ।
ਡਾ. ਕਿਰਪਾਲ ਨੇ ਸਪਸ਼ਟ ਕੀਤਾ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦਾ ਮੁੱਖ ਮਕਸਦ ਜਨਮ ਤੋਂ ਪਹਿਲਾਂ ਭਰੂਣ ਦੇ ਲਿੰਗ ਨਿਰਧਾਰਨ ’ਤੇ ਪਾਬੰਦੀ ਲਗਾ ਕੇ ਮਾਦਾ ਭਰੂਣ ਹੱਤਿਆ ਰੋਕਣ ਹੈ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਵਿੱਚ ਲਿੰਗ ਜਾਂਚ ਕਰਨਾ ਜਾਂ ਕਰਵਾਉਣਾ ਦੋਵੇਂ ਹੀ ਗੰਭੀਰ ਅਪਰਾਧ ਹਨ ਅਤੇ ਇਸ ਵਿੱਚ ਸ਼ਾਮਲ ਹਰ ਵਿਅਕਤੀ, ਚਾਹੇ ਉਹ ਡਾਕਟਰ ਹੋਵੇ ਜਾਂ ਗਾਹਕ, ਬਰਾਬਰ ਜ਼ਿੰਮੇਵਾਰ ਮੰਨੇ ਜਾਂਦੇ ਹਨ। ਦੋਸ਼ੀ ਪਾਏ ਜਾਣ ਦੀ ਸੂਰਤ ਵਿੱਚ ਘੱਟੋ-ਘੱਟ ਤਿੰਨ ਸਾਲ ਦੀ ਸਜ਼ਾ ਤਹਿ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਸਿਹਤ ਵਿਭਾਗ ਲਗਾਤਾਰ ਕਾਰਵਾਈ ਕਰ ਰਿਹਾ ਹੈ ਅਤੇ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੰਨਿਆ ਭਰੂਣ ਹੱਤਿਆ ਸਮਾਜ ਲਈ ਇਕ ਸ਼ਰਾਪ ਹੈ ਅਤੇ ਇਸਨੂੰ ਰੋਕਣ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਨੇ ਔਰਤਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਔਰਤ ਬਿਨਾਂ ਮਨੁੱਖੀ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਨਾ ਸਿਰਫ ਪਰਿਵਾਰ ਦੀ ਡੋਰ ਸੰਭਾਲਦੀ ਹੈ, ਸਗੋਂ ਘਰ ਤੋਂ ਬਾਹਰ ਵੀ ਹਰ ਖੇਤਰ ਵਿੱਚ ਆਪਣੀ ਕਾਬਲਿਯਤ ਸਾਬਤ ਕਰ ਰਹੀ ਹੈ। ਇਸ ਲਈ ਸਮਾਜ ਵਿੱਚ ਔਰਤਾਂ ਪ੍ਰਤੀ ਸੋਚ ਅਤੇ ਮਾਨਸਿਕਤਾ ਬਦਲਣ ਦੀ ਲੋੜ ਹੈ।
Get all latest content delivered to your email a few times a month.