ਤਾਜਾ ਖਬਰਾਂ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਫੋਨ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਟਰੰਪ ਨੇ ਰਾਤ ਦੇ ਕਰੀਬ 11:30 ਵਜੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਮੋਦੀ ਨੂੰ "ਦੋਸਤ" ਕਹਿ ਕੇ ਸੰਬੋਧਿਤ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ।
ਟਰੰਪ ਨੇ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਦੀ ਪੀਐਮ ਮੋਦੀ ਨਾਲ ਚੰਗੀ ਗੱਲਬਾਤ ਹੋਈ, ਜਿਸ ਦੌਰਾਨ ਜਨਮਦਿਨ ਦੀਆਂ ਵਧਾਈਆਂ ਦੇਣ ਦੇ ਨਾਲ ਹੀ ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਦੇ ਮਾਮਲੇ ‘ਚ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਵੀ ਕੀਤਾ।
ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਉਹ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਵਚਨਬੱਧ ਹਨ। ਨਾਲ ਹੀ ਉਨ੍ਹਾਂ ਨੇ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਣ ਹੱਲ ਲਈ ਟਰੰਪ ਦੀ ਕੋਸ਼ਿਸ਼ਾਂ ਦਾ ਸਮਰਥਨ ਵੀ ਕੀਤਾ।
ਖ਼ਾਸ ਗੱਲ ਇਹ ਹੈ ਕਿ ਟਰੰਪ, ਮੋਦੀ ਨੂੰ ਜਨਮਦਿਨ ਦੀ ਵਧਾਈ ਦੇਣ ਵਾਲੇ ਵਿਸ਼ਵ ਨੇਤਾਵਾਂ ‘ਚ ਸਭ ਤੋਂ ਪਹਿਲੇ ਰਹੇ। ਦੋਵਾਂ ਦੀ ਗੱਲਬਾਤ ਉਸ ਵੇਲੇ ਹੋਈ ਹੈ ਜਦੋਂ ਅਮਰੀਕੀ ਟੀਮ ਭਾਰਤ ਵਿੱਚ ਵਪਾਰਕ ਸਮਝੌਤੇ ਨੂੰ ਲੈ ਕੇ ਦੌਰੇ ‘ਤੇ ਮੌਜੂਦ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੰਪਰਕ ਨਾਲ ਭਾਰਤ-ਅਮਰੀਕਾ ਰਿਸ਼ਤਿਆਂ ਵਿੱਚ ਹੋਰ ਮਜ਼ਬੂਤੀ ਆ ਸਕਦੀ ਹੈ।
Get all latest content delivered to your email a few times a month.