ਤਾਜਾ ਖਬਰਾਂ
ਜਲੰਧਰ ਵਿੱਚ ਪਨਬਸ ਕਾਂਟ੍ਰੈਕਟ ਯੂਨੀਅਨ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਵੱਡਾ ਰੁਖ ਅਖਤਿਆਰ ਕੀਤਾ। ਕਰੀਬ 16 ਦਿਨ ਬੀਤ ਜਾਣ ਦੇ ਬਾਵਜੂਦ ਤਨਖਾਹ ਨਾ ਮਿਲਣ ’ਤੇ ਕਰਮਚਾਰੀ ਗੁੱਸੇ ਵਿੱਚ ਆ ਗਏ ਅਤੇ ਸੋਮਵਾਰ ਨੂੰ ਬੱਸ ਅੱਡੇ ਦੇ ਗੇਟ ਬੰਦ ਕਰਕੇ 5 ਘੰਟੇ ਲਈ ਪੂਰੀ ਤਰ੍ਹਾਂ ਚੱਕਾਜਾਮ ਕਰ ਦਿੱਤਾ। ਇਸ ਦੌਰਾਨ ਨਾ ਤਾਂ ਕੋਈ ਬੱਸ ਅੰਦਰ ਆ ਸਕੀ ਤੇ ਨਾ ਹੀ ਬਾਹਰ ਨਿਕਲ ਸਕੀ, ਜਿਸ ਨਾਲ ਸੈਂਕੜਿਆਂ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਰਮਚਾਰੀਆਂ ਨੇ ਵਿਭਾਗੀ ਅਧਿਕਾਰੀਆਂ, ਠੇਕੇਦਾਰਾਂ ਅਤੇ ਸਰਕਾਰ ਵਿਰੁੱਧ ਨਾਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਹਰ ਵਾਰ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਦੇਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਹਕੀਕਤ ਵਿੱਚ ਮਹੀਨੇ ਦੇ ਅਖੀਰ ਤੱਕ ਵੀ ਤਨਖਾਹ ਖਾਤਿਆਂ ਵਿੱਚ ਨਹੀਂ ਪਹੁੰਚਦੀ।
ਸ਼ਾਮ ਲਗਭਗ 5 ਵਜੇ ਪ੍ਰਬੰਧਕ ਪੱਖੋਂ ਭਰੋਸਾ ਦਿੱਤਾ ਗਿਆ ਕਿ ਤਨਖਾਹ ਬੁੱਧਵਾਰ ਦੁਪਹਿਰ ਤੱਕ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕਰਮਚਾਰੀਆਂ ਨੇ ਲਗਭਗ 5:15 ਵਜੇ ਧਰਨਾ ਸਮਾਪਤ ਕਰ ਦਿੱਤਾ। ਪਰ ਉਸ ਤੋਂ ਪਹਿਲਾਂ ਬੱਸਾਂ ਦੇ ਕਈ ਸਮੇਂ ਖੁੰਝ ਗਏ ਅਤੇ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ।
ਪਨਬਸ ਯੂਨੀਅਨ ਦੇ ਆਗੂਆਂ ਸਤਪਾਲ ਸਿੰਘ, ਦਲਜੀਤ ਸਿੰਘ ਜੱਲੇਵਾਲ, ਚਾਨਣ ਸਿੰਘ ਚੰਨਾ, ਗੁਰਪ੍ਰੀਤ ਸਿੰਘ ਭੁੱਲਰ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਵਾਅਦੇ ਅਨੁਸਾਰ ਤਨਖਾਹ ਖਾਤਿਆਂ ਵਿੱਚ ਨਾ ਪਈ ਤਾਂ ਉਹ ਫਿਰ ਬੱਸ ਸਟੈਂਡ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਹਾਲਤ ਲਈ ਉਹਨਾਂ ਨੇ ਵਿਭਾਗੀ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Get all latest content delivered to your email a few times a month.