ਤਾਜਾ ਖਬਰਾਂ
ਪੰਜਾਬ ਵਿੱਚ ਉਦਯੋਗਾਂ ਨੂੰ ਵਧਾਵਾ ਦੇਣ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ। ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਹੈਪੀ ਫੋਰਜਿੰਗਜ਼ ਲਿਮਿਟਡ (ਐਚਐਫਐਲ) ਲੁਧਿਆਣਾ ਵਿੱਚ 1000 ਕਰੋੜ ਰੁਪਏ ਤੋਂ ਵੱਧ ਦੀ ਰਕਮ ਲਗਾਉਣ ਜਾ ਰਹੀ ਹੈ। ਇਹ ਕੰਪਨੀ ਆਟੋਮੋਬਾਈਲ ਅਤੇ ਇੰਜੀਨੀਅਰਿੰਗ ਖੇਤਰ ਵਿੱਚ ਦੇਸ਼ ਦੀਆਂ ਸਭ ਤੋਂ ਵੱਡੀਆਂ ਇਕਾਈਆਂ ਵਿੱਚੋਂ ਇੱਕ ਹੈ ਅਤੇ ਵਿਸ਼ਵ ਪੱਧਰ ‘ਤੇ ਵੀ ਆਪਣੀ ਖਾਸ ਪਛਾਣ ਬਣਾਈ ਹੋਈ ਹੈ।
ਕੈਬਿਨੇਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਐਚਐਫਐਲ ਵੱਲੋਂ ਬਣਾਏ ਜਾਣ ਵਾਲੇ ਉਤਪਾਦ ਨਾ ਸਿਰਫ਼ ਭਾਰਤੀ ਮਾਰਕੀਟ ਲਈ, ਸਗੋਂ ਨਿਰਯਾਤ ਖੇਤਰ ਲਈ ਵੀ ਬਹੁਤ ਮਹੱਤਵਪੂਰਨ ਹਨ। ਕੰਪਨੀ ਵਪਾਰਕ ਵਾਹਨਾਂ, ਖੇਤੀਬਾੜੀ ਮਸ਼ੀਨਰੀ, ਆਫ-ਹਾਈਵੇ ਉਪਕਰਣ, ਰੇਲਵੇ, ਤੇਲ-ਗੈਸ, ਵਿੰਡ ਟਰਬਾਈਨ ਅਤੇ ਰੱਖਿਆ ਖੇਤਰ ਲਈ ਸਮੱਗਰੀ ਤਿਆਰ ਕਰਦੀ ਹੈ।
ਦਸੰਬਰ 2023 ਵਿੱਚ ਸਟਾਕ ਐਕਸਚੇਂਜ ‘ਤੇ ਲਿਸਟ ਹੋਣ ਤੋਂ ਬਾਅਦ, ਐਚਐਫਐਲ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ ਅਤੇ ਹੁਣ 10,000 ਕਰੋੜ ਰੁਪਏ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਨਾਲ ਪੰਜਾਬ ਦੀਆਂ ਸਭ ਤੋਂ ਵੱਡੀਆਂ ਲਿਸਟਡ ਕੰਪਨੀਆਂ ‘ਚੋਂ ਇੱਕ ਹੈ। ਵਿੱਤੀ ਸਾਲ 2024-25 ਵਿੱਚ ਕੰਪਨੀ ਨੇ 1,409 ਕਰੋੜ ਰੁਪਏ ਦਾ ਟਰਨਓਵਰ ਦਰਜ ਕੀਤਾ ਹੈ।
ਹੁਣ ਤੱਕ ਐਚਐਫਐਲ ਨੇ ਪੰਜਾਬ ਵਿੱਚ ਲਗਭਗ 1500 ਕਰੋੜ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਕਰੀਬ 4000 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲ ਰਿਹਾ ਹੈ। ਕੰਪਨੀ ਦੇ ਗਾਹਕਾਂ ਵਿੱਚ ਅਸ਼ੋਕ ਲੇਲੈਂਡ, ਮਹਿੰਦਰਾ, ਸੋਨਾਲਿਕਾ, ਜੋਨ ਡੀਅਰ, JCB, ਕਮਿਨਜ਼, ਟੋਯੋਟਾ ਵਰਗੀਆਂ ਵੱਡੀਆਂ ਇਕਾਈਆਂ ਸ਼ਾਮਲ ਹਨ।
ਐਚਐਫਐਲ ਦੇ ਮੈਨੇਜਿੰਗ ਡਾਇਰੈਕਟਰ ਆਸ਼ਿਸ਼ ਗਰਗ ਨੇ ਕਿਹਾ ਕਿ ਕੰਪਨੀ ਪੰਜਾਬ ਵਿੱਚ ਆਪਣੇ ਪਲਾਂਟ ਦੇ ਵਿਸਥਾਰ ਲਈ ਪੜਾਅਵਾਰ ਤਰੀਕੇ ਨਾਲ 1000 ਕਰੋੜ ਤੋਂ ਵੱਧ ਦੀ ਰਕਮ ਲਗਾਏਗੀ। ਇਸ ਨਾਲ ਕਰੀਬ 2000 ਨਵੀਆਂ ਨੌਕਰੀਆਂ, ਜਿਨ੍ਹਾਂ ਵਿੱਚ 300 ਤੋਂ ਵੱਧ ਇੰਜੀਨੀਅਰਾਂ ਦੇ ਪਦ ਵੀ ਸ਼ਾਮਲ ਹੋਣਗੇ, ਸਿਰਜਣਗੇ। ਨਾਲ ਹੀ ਸਟੀਲ ਦੀ ਮੰਗ ਵਧੇਗੀ ਅਤੇ ਕਈ ਸਹਾਇਕ ਉਦਯੋਗਾਂ ਨੂੰ ਨਵਾਂ ਵਾਧਾ ਮਿਲੇਗਾ।
ਗਰਗ ਨੇ ਇਹ ਵੀ ਦੱਸਿਆ ਕਿ ਨਵਾਂ ਪਲਾਂਟ ਏਸ਼ੀਆ ਵਿੱਚ ਸਭ ਤੋਂ ਆਧੁਨਿਕ ਫੋਰਜਿੰਗ ਸਹੂਲਤਾਂ ਵਿੱਚੋਂ ਇੱਕ ਹੋਵੇਗਾ। ਇਹ 1000 ਕਿਲੋ ਤੋਂ 3000 ਕਿਲੋ ਭਾਰ ਵਾਲੇ ਇੱਕੋ ਟੁਕੜੇ ਦਾ ਉਤਪਾਦ ਤਿਆਰ ਕਰਨ ਯੋਗ ਹੋਵੇਗਾ। ਇਹ ਏਸ਼ੀਆ ਦੀ ਪਹਿਲੀ ਅਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਵਿਸਥਾਰ ਕੰਪਨੀ ਨੂੰ ਆਟੋਮੋਬਾਈਲ ਤੋਂ ਇਲਾਵਾ ਰੱਖਿਆ, ਏਰੋਸਪੇਸ ਅਤੇ ਪਰਮਾਣੂ ਉਰਜਾ ਵਰਗੇ ਖੇਤਰਾਂ ਵਿੱਚ ਵੀ ਆਪਣਾ ਯੋਗਦਾਨ ਦੇਣ ਦੇ ਯੋਗ ਬਣਾਵੇਗਾ।
ਪ੍ਰੈਸ ਕਾਨਫਰੰਸ ਵਿੱਚ CEO ਇਨਵੈਸਟ ਪੰਜਾਬ ਅਮਿਤ ਢਾਕਾ, ਵਾਈਸ ਚੇਅਰਪਰਸਨ ਪੰਜਾਬ ਡਿਵੈਲਪਮੈਂਟ ਕੌਂਸਲ ਸੀਮਾ ਬਾਂਸਲ, ਮੈਂਬਰ ਵੈਭਵ ਮਹੇਸ਼ਵਰੀ ਅਤੇ ਡਾਇਰੈਕਟਰ ਐਚਐਫਐਲ ਮੇਘਾ ਗਰਗ ਵੀ ਮੌਜੂਦ ਸਨ।
Get all latest content delivered to your email a few times a month.