ਤਾਜਾ ਖਬਰਾਂ
ਮੋਗਾ ਜ਼ਿਲ੍ਹੇ ਦੇ 25 ਸਾਲਾ ਬੂਟਾ ਸਿੰਘ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ ਜਦੋਂ ਪੜ੍ਹਾਈ ਦੇ ਨਾਂ 'ਤੇ ਰੂਸ ਭੇਜੇ ਗਏ ਨੌਜਵਾਨ ਨੂੰ ਧੋਖੇ ਨਾਲ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ ਗਿਆ। ਪਰਿਵਾਰ ਨੇ ਉਸਦੀ ਪੜ੍ਹਾਈ ਲਈ ਜ਼ਮੀਨ ਤੱਕ ਵੇਚ ਦਿੱਤੀ ਸੀ, ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਨੇ ਹਕੀਕਤ ਬਾਹਰ ਲਿਆਈ। ਵੀਡੀਓ ਵਿੱਚ ਬੂਟਾ ਸਿੰਘ ਅਤੇ ਹੋਰ ਭਾਰਤੀ ਮੁੰਡੇ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਵਿਦਿਆਰਥੀ ਵੀਜ਼ੇ ‘ਤੇ ਰੂਸ ਆਏ ਸਨ, ਪਰ ਉਨ੍ਹਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਜੰਗ ਵਿੱਚ ਭੇਜ ਦਿੱਤਾ ਗਿਆ।
ਬੂਟਾ ਸਿੰਘ ਦੀ ਭੈਣ ਕਰਮਜੀਤ ਕੌਰ ਦੇ ਅਨੁਸਾਰ, 11 ਸਤੰਬਰ ਨੂੰ ਉਸਦੇ ਭਰਾ ਦਾ ਆਖਰੀ ਵੌਇਸ ਸੁਨੇਹਾ ਵਟਸਐਪ ‘ਤੇ ਮਿਲਿਆ ਸੀ, ਉਸ ਤੋਂ ਬਾਅਦ ਉਸਦਾ ਕੋਈ ਅਤਾ-ਪਤਾ ਨਹੀਂ। ਪਰਿਵਾਰ, ਜੋ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ, ਹੁਣ ਸਰਕਾਰ ਨੂੰ ਬੇਨਤੀ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਕਿਸੇ ਤਰ੍ਹਾਂ ਵਾਪਸ ਲਿਆਇਆ ਜਾਵੇ।
ਰਿਪੋਰਟਾਂ ਦੱਸਦੀਆਂ ਹਨ ਕਿ ਕਈ ਭਾਰਤੀ ਨੌਜਵਾਨਾਂ ਨੂੰ ਉੱਚ ਤਨਖਾਹ ਵਾਲੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸ ਬੁਲਾਇਆ ਗਿਆ ਸੀ। ਉਨ੍ਹਾਂ ਤੋਂ ਰੂਸੀ ਭਾਸ਼ਾ ਵਿੱਚ ਇਕਰਾਰਨਾਮੇ ‘ਤੇ ਦਸਤਖ਼ਤ ਕਰਵਾਏ ਗਏ, ਪਰ ਵਾਸਤਵ ਵਿੱਚ ਉਨ੍ਹਾਂ ਨੂੰ ਕੁਝ ਹੀ ਦਿਨਾਂ ਦੀ ਸਿਖਲਾਈ ਤੋਂ ਬਾਅਦ ਫੌਜੀ ਵਰਦੀ ਪਹਿਨਾ ਕੇ ਜੰਗ ਦੇ ਮੋਰਚੇ ਤੇ ਭੇਜ ਦਿੱਤਾ ਗਿਆ।
ਭਾਰਤ ਸਰਕਾਰ ਨੇ ਇਸ ਮਾਮਲੇ ‘ਤੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਰੂਸ ਨੂੰ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਪ੍ਰਥਾ ਤੁਰੰਤ ਰੋਕੀ ਜਾਵੇ। ਨਾਲ ਹੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਅਜਿਹੇ ਝੂਠੇ ਵਾਅਦਿਆਂ ਅਤੇ ਨੌਕਰੀਆਂ ਦੇ ਲਾਲਚ ਦਾ ਸ਼ਿਕਾਰ ਨਾ ਬਣਨ, ਕਿਉਂਕਿ ਇਹ ਸਿੱਧਾ ਜਾਨ ਲਈ ਖ਼ਤਰਾ ਹੈ।
Get all latest content delivered to your email a few times a month.