ਤਾਜਾ ਖਬਰਾਂ
ਮੁੱਖ ਸਕੱਤਰ ਕੇ.ਏ.ਪੀ ਸਿਨਹਾ ਨੇ ਸੂਬਾ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਦੀ ਪਲੇਠੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਚੰਡੀਗੜ੍ਹ, 16 ਸਤੰਬਰ:
ਸੂਬੇ ਵਿੱਚ ਅਗਾਮੀ ਜਨਗਣਨਾ ਸਬੰਧੀ ਕਾਰਜਾਂ ਦੀ ਸਮੀਖਿਆ ਅਤੇ ਤਿਆਰੀਆਂ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੀ ਸੂਬਾ ਪੱਧਰੀ ਜਨਗਣਨਾ ਤਾਲਮੇਲ ਕਮੇਟੀ (ਐਸ.ਐਲ.ਸੀ.ਸੀ.ਸੀ.) ਵੱਲੋਂ ਅੱਜ ਮੁੱਖ ਸਕੱਤਰ ਪੰਜਾਬ ਸ੍ਰੀ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣੀ ਪਲੇਠੀ ਮੀਟਿੰਗ ਬੁਲਾਈ ਗਈ।
ਮੀਟਿੰਗ ਦੌਰਾਨ ਸਥਾਨਕ ਸਰਕਾਰਾਂ, ਮਾਲ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਯੋਜਨਾਬੰਦੀ, ਵਿੱਤ ਅਤੇ ਸਕੂਲ ਸਿੱਖਿਆ ਵਿਭਾਗਾਂ ਦੇ ਵਧੀਕ ਮੁੱਖ ਸਕੱਤਰਾਂ ਅਤੇ ਪ੍ਰਮੁੱਖ ਸਕੱਤਰਾਂ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।
ਮੀਟਿੰਗ ਦੌਰਾਨ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏ.ਸੀ.ਐਸ.) ਨੂੰ ਪੰਜਾਬ ਵਿੱਚ ਜਨਗਣਨਾ ਨਾਲ ਸਬੰਧਤ ਗਤੀਵਿਧੀਆਂ ਲਈ ਨੋਡਲ ਅਫਸਰ ਨਾਮਜ਼ਦ ਕੀਤਾ ਗਿਆ ਹੈ ਅਤੇ ਪਹਿਲੀ ਮੀਟਿੰਗ ਜਨਗਣਨਾ ਸੰਚਾਲਨ, ਪੰਜਾਬ ਦੇ ਡਾਇਰੈਕਟਰ ਡਾ. ਨਵਜੋਤ ਖੋਸਾ ਵੱਲੋਂ ਬੁਲਾਈ ਗਈ, ਜਿਨ੍ਹਾਂ ਨੇ ਜਨਗਣਨਾ ਪ੍ਰਕਿਰਿਆ, ਇਸਦੇ ਕਾਨੂੰਨੀ ਢਾਂਚੇ, ਜਨਗਣਨਾ ਕੈਲੰਡਰ ਅਤੇ ਮੌਜੂਦਾ ਤਿਆਰੀਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਇਸ ਮੀਟਿੰਗ ਦੇ ਮੁੱਖ ਏਜੰਡੇ ਦੇ ਨੁਕਤਿਆਂ ਵਿੱਚ ਸਰਕੂਲਰ ਨੰਬਰ 1, 2 ਅਤੇ 3, ਪੇਂਡੂ-ਸ਼ਹਿਰੀ ਵਰਗੀਕਰਨ ਸਬੰਧੀ ਮਾਪਦੰਡ, ਵਿਕਾਸ ਅਤੇ ਸ਼ਹਿਰੀ ਸਮੂਹੀਕਰਨ ਦੇ ਸੰਕਲਪ, ਨਕਸ਼ੇ ਨਾਲ ਸਬੰਧਤ ਮੁੱਦੇ ਅਤੇ ਚੁਣੇ ਹੋਏ ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ ਅਤੇ ਮਲੇਰਕੋਟਲਾ ਵਿੱਚ ਡਿਜੀਟਲ ਜਨਗਣਨਾ 2027 ਦੇ ਅਗਾਮੀ ਪ੍ਰੀ-ਟੈਸਟ ਬਾਰੇ ਵਿਚਾਰ-ਚਰਚਾ ਸ਼ਾਮਲ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਜਨਗਣਨਾ ਸਬੰਧੀ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਦੇ ਪੂਰੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਖੇਤਰ ਸਬੰਧੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਲਈ ਜ਼ਿਲ੍ਹਾ ਅਤੇ ਨਿਗਮ ਪੱਧਰ 'ਤੇ ਸਮਰਪਿਤ ਜਨਗਣਨਾ ਸੈੱਲ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਸਕੱਤਰ ਨੇ ਡਾਇਰੈਕਟੋਰੇਟ ਜਨਗਣਨਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ 31 ਦਸੰਬਰ, 2025 ਤੱਕ ਪ੍ਰਬੰਧਕੀ ਸੀਮਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਅਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ-ਨਾਲ ਨਗਰ ਨਿਗਮ ਕਮਿਸ਼ਨਰ, ਜਲੰਧਰ ਨੂੰ ਡਿਜੀਟਲ ਜਨਗਣਨਾ ਸਬੰਧੀ ਅਗਾਮੀ ਪ੍ਰੀ-ਟੈਸਟ ਗਤੀਵਿਧੀਆਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ।
ਇਸ ਵਿਚਾਰ-ਵਟਾਂਦਰੇ ਦੌਰਾਨ ਪੰਜਾਬ ਵਿੱਚ ਜਨਗਣਨਾ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੁੱਚੇ ਤਾਲਮੇਲ ਅਤੇ ਸੁਚੱਜੀ ਯੋਜਨਾਬੰਦੀ ਦੀ ਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ। ਸਾਰੇ ਭਾਈਵਾਲਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪਹਿਲ ਦੇਣ ਅਤੇ ਜਨਗਣਨਾ ਕੈਲੰਡਰ ਮੁਤਾਬਕ ਤਿਆਰੀ ਸਬੰਧੀ ਸਾਰੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ।
Get all latest content delivered to your email a few times a month.