ਤਾਜਾ ਖਬਰਾਂ
ਮਾਲੇਰਕੋਟਲਾ, 15 ਸਤੰਬਰ (ਭੁਪਿੰਦਰ ਗਿੱਲ )- ਬਰਸਾਤਾਂ ਦਾ ਮੌਸਮ ਹੋਣ ਕਾਰਨ ਸੱਪਾਂ ਦਾ ਖੱਡਾਂ ਵਿੱਚੋਂ ਨਿਕਲ ਕੇ ਬਾਹਰ ਆਉਣਾ ਆਮ ਗੱਲ ਹੈ, ਜਿਸ ਕਾਰਨ ਇਸ ਮੌਸਮ ਵਿੱਚ ਸੱਪ ਦੇ ਡੰਗ ਦੇ ਕੇਸ ਵੱਧ ਜਾਂਦੇ ਹਨ । ਇਸ ਗੱਲ ਦਾ ਧਿਆਨ ਰੱਖਦੇ ਹੋਏ ਸਹਾਇਕ ਸਿਵਲ ਸਰਜਨ ਡਾ ਸਜ਼ੀਲਾ ਖ਼ਾਨ ਵਲੋਂ ਸੱਪ ਦੇ ਸੱਪਾਂ ਦੇ ਡੰਗ ਅਤੇ ਕੁੱਤੇ ਦੇ ਕੱਟਣ ਤੋਂ ਬਚਾਅ ਅਤੇ ਇਲਾਜ ਸਬੰਧੀ ਸਲਾਹ ਦਿੰਦਿਆ ਕਿਹਾ ਕਿ ਸੱਪ ਦੇ ਡੰਗ ਤੋਂ ਬਚਾਅ ਲਈ ਖੜੇ ਬਰਸਾਤੀ ਪਾਣੀ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹੜ੍ਹਾਂ ਦੇ ਪਾਣੀ, ਖੇਤਾਂ, ਜੰਗਲਾਂ ਅਤੇ ਘਾਹ ਵਾਲੀਆਂ ਥਾਵਾਂ ਅਤੇ ਬਾਹਰ ਜਾਣ ਵੇਲੇ ਬੰਦ ਜੁੱਤੀਆਂ, ਲੰਬੇ ਬੂਟ ਪਾਏ ਜਾਣ। ਉਹਨਾਂ ਕਿਹਾ ਕਿ ਜੇਕਰ ਸੱਪ ਡੰਗ ਜਾਵੇ ਤਾਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਜਾਵੇ। ਡੰਗ ਵਾਲੀ ਥਾਂ ਨੂੰ ਨਾ ਹੀ ਕੱਟਿਆ ਜਾਵੇ, ਨਾ ਹੀ ਕਿਸੇ ਰੱਸੀ ਨਾਲ ਬਨ੍ਹਿਆ ਜਾਵੇ ਤੇ ਨਾ ਹੀ ਮੂੰਹ ਨਾਲ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ।
ਉਹਨਾਂ ਕਿਹਾ ਕਿ ਡਾਕਟਰੀ ਸਲਾਹ ਤੋਂ ਬਗੈਰ ਕਿਸੇ ਕਿਸਮ ਦੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ। ਸੱਪ ਦੇ ਡੰਗ ਮਾਰਨ ਉਤੇ ਘਬਰਾਉਣ ਦੀ ਲੋੜ੍ਹ ਨਹੀਂ, ਬਲਕਿ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਾਵੇ। ਇਸ ਸਮੇਂ ਐਂਬੂਲੈਂਸ ਲਈ ਹੈਲਪਲਾਈਨ ਨੰਬਰ 104 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ।
ਸਹਾਇਕ ਸਿਵਲ ਸਰਜਨ ਡਾ ਸਜ਼ੀਲਾ ਖ਼ਾਨ ਕਿਹਾ ਕਿ ਜੇਕਰ ਕੁੱਤਾ ਕੱਟ ਜਾਵੇ ਤਾਂ ਬਿਨ੍ਹਾਂ ਕਿਸੇ ਦੇਰੀ ਮਰੀਜ਼ ਨੂੰ ਹਸਪਤਾਲ ਵਿੱਚ ਲਿਆਂਦਾ ਜਾਵੇ। ਕਿਉਂਕਿ ਕੁੱਤੇ ਦੇ ਕੱਟੇ ਨਾਲ ਹਲਕਾਅ ਹੋ ਸਕਦਾ ਹੈ। ਜੇਕਰ ਕੁੱਤਾ ਕੱਟ ਜਾਵੇ ਤਾਂ ਜਖਮ ਨੂੰ ਚਲਦੇ ਪਾਣੀ ਵਿੱਚ ਦੇਸੀ ਸਾਬਣ ਨਾਲ 15 ਮਿੰਟ ਧੋਣਾ ਚਾਹੀਦਾ ਹੈ l ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ ਰੇਬੀਜ਼ ਵੈਕਸੀਨ ਅਤੇ ਸੀਰਮ ਦਾ ਪ੍ਰਬੰਧ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਐਂਟੀ ਰੇਬੀਜ਼ ਵੈਕਸੀਨ ਉਪਲੱਬਧ ਹੈ।
ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਨੂੰ ਬਾਹਰ ਜਾਣ ਵੇਲੇ ਸੋਟੀ ਕੋਲ ਰੱਖੀ ਜਾਵੇ, ਹਮੇਸ਼ਾਂ ਟਾਰਚ ਜਾਂ ਮੋਬਾਈਲ ਦੀ ਲਾਈਟ ਦੀ ਵਰਤੋਂ ਕੀਤੀ ਜਾਵੇ। ਫਰਸ਼ ਤੇ ਸੌਣ ਤੋਂ ਗੁਰੇਜ਼ ਕੀਤਾ ਜਾਵੇ। ਘਰ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ। ਘਰਾਂ ਦੇ ਨੇੜੇ ਘਾਹ, ਬਾੜੀਆਂ ਨੂੰ ਸਮੇਂ-ਸਮੇਂ ਉਤੇ ਕੱਟਿਆ ਜਾਵੇ ।
Get all latest content delivered to your email a few times a month.