ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਦੀ ਰਾਤ ਹੋਈ ਮੀਂਹ ਦੀ ਮਾਰ ਨੇ ਕਈ ਇਲਾਕਿਆਂ ਵਿੱਚ ਹਾਹਾਕਾਰ ਮਚਾ ਦਿੱਤਾ। ਮੰਡੀ ਜ਼ਿਲ੍ਹੇ ਦਾ ਧਰਮਪੁਰ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ ਸੋਨ ਖੱਡ ਨਦੀ ਦੇ ਉਫਾਨ ਨਾਲ ਹੜ੍ਹ ਵਰਗਾ ਮਾਹੌਲ ਬਣ ਗਿਆ।
ਧਰਮਪੁਰ ਬੱਸ ਸਟੈਂਡ ਅਤੇ ਨੇੜਲੇ ਬਾਜ਼ਾਰ ਨੂੰ ਨਦੀ ਦੇ ਤੇਜ਼ ਵਹਾਅ ਨੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਬੱਸ ਸਟੈਂਡ ‘ਤੇ ਖੜ੍ਹੀਆਂ ਕਈ ਸਰਕਾਰੀ ਬੱਸਾਂ ਪਾਣੀ ਵਿੱਚ ਅੱਧੀਆਂ ਡੁੱਬ ਗਈਆਂ, ਜਦੋਂਕਿ ਹੋਰ ਵਾਹਨ ਭੀ ਹੜ੍ਹ ਦੇ ਪਾਣੀ ਨਾਲ ਵਹਿ ਗਏ। ਜਾਣਕਾਰੀ ਮੁਤਾਬਕ ਇੱਕ ਟੈਂਪੋ ਟਰੈਵਲ ਚਾਲਕ ਅਤੇ ਇੱਕ ਕਾਰ ਸਵਾਰ ਵਿਅਕਤੀ ਹਾਲੇ ਵੀ ਲਾਪਤਾ ਹਨ।
ਸਿਰਫ਼ ਵਾਹਨ ਹੀ ਨਹੀਂ, ਬਲਕਿ ਪਾਣੀ ਅਤੇ ਮਲਬਾ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੀ ਦਾਖਲ ਹੋ ਗਿਆ ਹੈ। ਇਸ ਕਾਰਨ ਸਥਾਨਕ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਠੱਪ ਹੋ ਗਈ ਹੈ ਅਤੇ ਲੋਕ ਮੁਸੀਬਤ ਵਿੱਚ ਹਨ।
ਨਦੀ ਦੇ ਤੀਬਰ ਵਹਾਅ ਨਾਲ ਬੱਸ ਸਟੈਂਡ ਅਤੇ ਬਾਜ਼ਾਰ ਦੀਆਂ ਬੁਨਿਆਦੀ ਢਾਂਚਾਗਤ ਸਹੂਲਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਸਾਹਮਣੇ ਨਹੀਂ ਆਈ। ਸਵੇਰ ਤੱਕ ਪਾਣੀ ਦਾ ਪੱਧਰ ਘਟਣ ਲੱਗਾ ਹੈ, ਜਿਸ ਨਾਲ ਰਾਹਤ ਕਾਰਜ ਤੇ ਨੁਕਸਾਨ ਦੇ ਅਸਲੀ ਅੰਕੜੇ ਜਲਦ ਸਾਹਮਣੇ ਆ ਸਕਣਗੇ।
Get all latest content delivered to your email a few times a month.