ਤਾਜਾ ਖਬਰਾਂ
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਮਸ਼ਹੂਰ ਪਿਕਨਿਕ ਸਥਾਨ ਸਹਸਤਰਧਾਰਾ ਵਿੱਚ ਸੋਮਵਾਰ ਰਾਤ ਭਾਰੀ ਬਾਰਿਸ਼ ਤੋਂ ਬਾਅਦ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ। ਇਸ ਕਾਰਨ ਇਲਾਕੇ ਵਿੱਚ ਵੱਡੀ ਤਬਾਹੀ ਹੋਈ ਹੈ। ਕਈ ਵਾਹਨ ਮੀਂਹ ਦੇ ਪਾਣੀ ਨਾਲ ਵਹਿ ਗਏ, ਦਰਜਨਾਂ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਬਚਾਅ ਟੀਮਾਂ ਤਾਇਨਾਤ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ
ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਸਵਿਨ ਬਾਂਸਲ ਨੇ ਕਮਾਨ ਆਪਣੇ ਹੱਥ ਵਿੱਚ ਲਈ ਅਤੇ SDRF, NDRF ਤੇ ਪੁਲਿਸ ਨੂੰ ਤੁਰੰਤ ਮੌਕੇ ‘ਤੇ ਭੇਜਿਆ। ਰਾਤੋ-ਰਾਤ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫ਼ਟ ਕਰ ਦਿੱਤਾ ਗਿਆ। ਮਸ਼ੀਨਰੀ ਅਤੇ JCB ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
ਹੋਟਲ ਤੇ ਬਾਜ਼ਾਰ ਨੂੰ ਵੱਡਾ ਨੁਕਸਾਨ
ਭਾਰੀ ਮੀਂਹ ਨਾਲ ਮੁੱਖ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਮਲਬਾ ਆ ਗਿਆ। ਇਸ ਕਾਰਨ 2-3 ਹੋਟਲਾਂ ਨੂੰ ਭਾਰੀ ਨੁਕਸਾਨ ਹੋਇਆ ਅਤੇ ਲਗਭਗ 7-8 ਦੁਕਾਨਾਂ ਢਹਿ ਗਈਆਂ। ਕਰੀਬ 100 ਲੋਕ ਇੱਕ ਵੇਲੇ ਬਾਜ਼ਾਰ ਵਿੱਚ ਫਸੇ ਹੋਏ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਦੋ ਵਿਅਕਤੀਆਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਧਾਮੀ ਨੇ ਪ੍ਰਗਟਾਇਆ ਦੁੱਖ
ਸੀਐਮ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, SDRF ਅਤੇ ਪੁਲਿਸ ਰਾਹਤ ਕੰਮ ਵਿੱਚ ਜੁਟੇ ਹੋਏ ਹਨ ਅਤੇ ਉਹ ਖ਼ੁਦ ਸਥਿਤੀ ‘ਤੇ ਨਿਗਰਾਨੀ ਕਰ ਰਹੇ ਹਨ। ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਲਈ ਸੰਵੇਦਨਾ ਜਤਾਈ ਅਤੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ।
ਸਕੂਲ ਬੰਦ, ਸੜਕਾਂ-ਮੰਦਰ ਪ੍ਰਭਾਵਿਤ
ਮੌਸਮ ਦੀ ਮਾਰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ, ਭਾਰੀ ਬਾਰਿਸ਼ ਕਾਰਨ ਦੇਹਰਾਦੂਨ-ਹਰਿਦੁਆਰ ਹਾਈਵੇ ਦੇ ਨੇੜੇ ਇੱਕ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਤਮਸਾ ਨਦੀ ਹੜ੍ਹ ਕਾਰਨ ਉਫਾਨ ‘ਚ ਹੈ ਅਤੇ ਤਪਕੇਸ਼ਵਰ ਮਹਾਦੇਵ ਮੰਦਰ ਕੰਪਲੈਕਸ ਵਿੱਚ ਵੀ 1-2 ਫੁੱਟ ਮਲਬਾ ਜਮ੍ਹਾ ਹੋ ਗਿਆ ਹੈ।
Get all latest content delivered to your email a few times a month.