ਤਾਜਾ ਖਬਰਾਂ
ਨਾਭਾ ਦੀ ਨਗਰ ਕੌਂਸਲ ਵਿੱਚ ਵੱਡਾ ਉਲਟ-ਫੇਰ ਹੋਇਆ ਹੈ। ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫ਼ਾ ਲੈ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਰੋਧ ਕਰ ਰਹੇ ਕੌਂਸਲਰਾਂ ਨਾਲ ਬੈਠਕ ਕਰਕੇ ਇਹ ਫ਼ੈਸਲਾ ਸਾਂਝਾ ਕੀਤਾ। ਯਾਦ ਰਹੇ ਕਿ ਚਾਵਲਾ ਵਿਰੁੱਧ ਕੌਂਸਲ ਦੇ ਬਹੁਤੇ ਮੈਂਬਰ ਪਹਿਲਾਂ ਹੀ ਬੇਭਰੋਸਗੀ ਦਾ ਮਤਾ ਪਾਸ ਕਰ ਚੁੱਕੇ ਸਨ।
ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦਾ ਨਾਮ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਗਾਇਬ ਹੋਣ ਵਾਲੇ ਮਾਮਲੇ ਵਿੱਚ ਆਇਆ ਸੀ। ਇਸੇ ਕਾਰਨ 17 ਕੌਂਸਲਰਾਂ ਨੇ ਉਨ੍ਹਾਂ ਦੇ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਅਤੇ 16 ਸਤੰਬਰ ਨੂੰ ਇਸ ਮਤੇ 'ਤੇ ਵੋਟਿੰਗ ਹੋਣੀ ਸੀ। ਜਾਂਚ ਦੌਰਾਨ ਚੋਰੀ ਹੋਇਆ ਸਮਾਨ ਆਪ ਆਗੂ ਦੀ ਵਰਕਸ਼ਾਪ ਵਿੱਚੋਂ ਮਿਲਣ ਦੀ ਪੁਸ਼ਟੀ ਹੋਈ ਸੀ।
ਪਿਛਲੇ ਦਿਨਾਂ ਕਿਸਾਨਾਂ ਵੱਲੋਂ ਚਾਵਲਾ ਦੇ ਪਲਾਟ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਕਾਰਵਾਈ ਮਗਰੋਂ ਪੁਲਿਸ ਨੇ ਉਥੋਂ ਟਰਾਲੀ ਦੇ ਟਾਇਰ, ਰਿਮ, ਹੁੱਕ, ਜੈਕ ਤੇ ਹੋਰ ਸਮਾਨ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ। ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਸ਼ਿਕਾਇਤ ‘ਤੇ ਡੀਡੀਆਰ ਵੀ ਦਰਜ ਕੀਤੀ ਗਈ। ਪੁਲਿਸ ਦੇ ਅਨੁਸਾਰ ਸ਼ੰਭੂ ਮੋਰਚੇ ਨਾਲ ਜੁੜੀਆਂ ਟਰਾਲੀ ਚੋਰੀਆਂ ਦੇ ਮਾਮਲੇ ਪਹਿਲਾਂ ਤੋਂ ਦਰਜ ਹਨ ਅਤੇ ਬਰਾਮਦ ਕੀਤਾ ਸਮਾਨ ਤਫਤੀਸ਼ੀ ਅਧਿਕਾਰੀ ਦੇ ਸਪੁਰਦ ਕੀਤਾ ਜਾਵੇਗਾ।
ਇਸੇ ਧਰਮਿਆਨ ਕਿਸਾਨ ਆਗੂਆਂ ਨੇ ਕੁਝ ਟਾਇਰਾਂ ਤੇ ਸਾਜ਼ੋ-ਸਾਮਾਨ ਦੀ ਪਛਾਣ ਵੀ ਕੀਤੀ, ਜਿਹਨਾਂ ਨੂੰ ਉਹ ਆਪਣੀ ਟਰਾਲੀ ਦਾ ਦੱਸ ਰਹੇ ਹਨ। ਲੌਂਗੋਵਾਲ ਤੋਂ ਮਿਸਤਰੀ ਬੁਲਾ ਕੇ ਵੀ ਇਹ ਪਛਾਣ ਕਰਵਾਈ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਸ਼ੰਭੂ ਮੋਰਚੇ ਤੋਂ ਜਦੋਂ ਪੁਲਿਸ ਨੇ ਜਬਰ ਨਾਲ ਢਾਹ ਹਟਾਇਆ ਸੀ, ਉਸ ਵੇਲੇ 36 ਟਰਾਲੀਆਂ ਗੁੰਮ ਹੋਈਆਂ ਸਨ। ਹੁਣ ਤੱਕ 14 ਟਰਾਲੀਆਂ ਮਿਲ ਚੁੱਕੀਆਂ ਹਨ, ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ।
Get all latest content delivered to your email a few times a month.