ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਹੜ੍ਹ ਦੇ ਸਮੇਂ ਪੰਜਾਬੀਆਂ ਨੂੰ ਇਕੱਲਾ ਛੱਡਣ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਢੁਕਵਾਂ ਮੁਆਵਜ਼ਾ ਦਿਵਾਉਣ ਲਈ ਸਰਕਾਰ ਨੂੰ ਮਜ਼ਬੂਰ ਕਰੇਗਾ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਮਾਰੇ ਲੋਕਾਂ ਲਈ ਰਾਤ-ਦਿਨ ਕੰਮ ਕਰਕੇ ਨਗਦ ਸਹਾਇਤਾ, ਡੀਜ਼ਲ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਇਆ ਹੈ, ਜਿਸ ਨਾਲ ਉਹਨਾਂ ਨੂੰ ਸੰਕਟ ਦੇ ਸਮੇਂ ਸਹਾਰਾ ਮਿਲਿਆ।
ਐਨ.ਕੇ. ਸ਼ਰਮਾ ਨੇ ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਣੇ ਗਰੁੱਪ ਵਲੋਂ ਅਕਾਲੀ ਦਲ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਹੀ ਮਿਲ ਕੇ ਇਹ ਮੁਹਿੰਮ ਚਲਾ ਰਹੀਆਂ ਹਨ ਤਾਂ ਜੋ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਛਵੀ ਖ਼ਰਾਬ ਕੀਤੀ ਜਾਵੇ। ਉਹਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਦੋਵੇਂ ਸਰਕਾਰਾਂ ਨੂੰ ਪੰਜਾਬੀਆਂ ਦੀ ਕੋਈ ਪਰਵਾਹ ਨਹੀਂ ਅਤੇ ਉਹਨਾਂ ਦਾ ਧਿਆਨ ਕੇਵਲ ਅਕਾਲੀ ਦਲ ਨੂੰ ਬਦਨਾਮ ਕਰਨ ’ਤੇ ਹੈ।
ਇਸ ਮੌਕੇ ਐਨ.ਕੇ. ਸ਼ਰਮਾ ਨੇ ਡੀਜ਼ਲ ਬਿੱਲਾਂ, ਪੰਪ ਸੈਟਾਂ, ਪਲਾਸਟਿਕ ਪਾਈਪਾਂ ਅਤੇ ਤਰਪਾਲਾਂ ਦੇ ਸਬੂਤ ਵੀ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠੇ ਹੋ ਕੇ ਕਿਸਾਨਾਂ ਨੂੰ ਸਰਟੀਫਾਈਡ ਬੀਜ, ਰਾਸ਼ਨ, ਸੁੱਕਾ ਚਾਰਾ ਅਤੇ ਮੱਕੀ ਦਾ ਆਚਾਰ ਮੁਹੱਈਆ ਕਰਵਾ ਰਹੀਆਂ ਹਨ। ਸ਼ਰਮਾ ਨੇ ਕਿਹਾ ਕਿ ਅਗਲੇ ਹਫ਼ਤੇ ਤੱਕ ਇਹ ਸਹਾਇਤਾ ਸਿੱਧੀ ਲੋਕਾਂ ਤੱਕ ਪਹੁੰਚ ਜਾਵੇਗੀ। ਉਹਨਾਂ ਭਰੋਸਾ ਜਤਾਇਆ ਕਿ ਲੋਕ ਅਸਲੀਅਤ ਨਾਲ ਜਾਣੂ ਹਨ ਅਤੇ ਆਪ ਸਰਕਾਰ ਦੀ ਬਦਨਾਮੀ ਮੁਹਿੰਮ ਆਪ ਹੀ ਢਹਿ ਜਾਵੇਗੀ।
Get all latest content delivered to your email a few times a month.