ਤਾਜਾ ਖਬਰਾਂ
ਜਲੰਧਰ ਵਿੱਚ ਸ਼ਨੀਵਾਰ ਦੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਾਦਸੇ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਆਗੂ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਦਰਦਨਾਕ ਮੌਤ ਹੋ ਗਈ। 36 ਸਾਲਾ ਰਿਚੀ ਦੀ ਜ਼ਿੰਦਗੀ ਮਾਡਲ ਟਾਊਨ ਦੇ ਮਾਤਾ ਰਾਣੀ ਚੌਂਕ ਨੇੜੇ ਖਤਮ ਹੋ ਗਈ, ਜਦੋਂ ਉਸ ਦੀ ਗੱਡੀ ਕ੍ਰੇਟਾ ਕਾਰ ਨਾਲ ਟੱਕਰ ਵਿੱਚ ਆ ਗਈ।
ਦੱਸਿਆ ਜਾ ਰਿਹਾ ਹੈ ਕਿ ਕ੍ਰੇਟਾ ਨੇ ਪਹਿਲਾਂ ਦੋ ਹੋਰ ਕਾਰਾਂ ਨੂੰ ਟੱਕਰ ਮਾਰੀ ਅਤੇ ਫਿਰ ਇੱਕ ਫਾਰਚੂਨਰ ਨੂੰ ਟੱਕਰ ਹੋ ਗਈ। ਹੋਰ ਸਵਾਰੀਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਪਰ ਰਿਚੀ ਕੇਪੀ ਦੀ ਜਾਨ ਨਹੀਂ ਬਚ ਸਕੀ। ਪੁਲਿਸ ਨੇ ਸਾਰੇ ਵਾਹਨ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਿਚੀ ਦੇ ਦੋਸਤਾਂ ਅਨੁਸਾਰ ਉਹ ਬਹੁਤ ਹੀ ਨਿਮਰ ਅਤੇ ਸ਼ਾਂਤ ਸੁਭਾਅ ਵਾਲਾ ਸੀ। ਕਿਹਾ ਜਾਂਦਾ ਹੈ ਕਿ ਉਹ ਗੱਡੀ ਵੀ ਹੌਲੀ ਚਲਾਉਂਦਾ ਸੀ। ਵਕਾਲਤ ਦੀ ਡਿਗਰੀ ਹਾਸਲ ਕਰਨ ਵਾਲਾ ਰਿਚੀ ਵੱਧ ਸਮਾਂ ਘਰ ਵਿੱਚ ਪਰਿਵਾਰ ਦੇ ਨਾਲ ਹੀ ਬਿਤਾਉਂਦਾ ਸੀ। ਉਸ ਦੀ ਅਚਾਨਕ ਮੌਤ ਨਾਲ ਸਾਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।
ਹਾਦਸੇ ਵਾਲੀ ਥਾਂ ਨੇੜੇ ਕਰੀਬ ਪੰਜਾਹ ਫੁੱਟ ਤੱਕ ਕਾਰਾਂ ਦੇ ਟੁਕੜੇ-ਟੁਕੜੇ ਮਿਲੇ ਹਨ। ਦੇਰ ਰਾਤ ਤੋਂ ਹੀ ਲੋਕ ਮੋਹਿੰਦਰ ਸਿੰਘ ਕੇਪੀ ਦੇ ਘਰ ਦੁੱਖ-ਸਾਂਝਾ ਕਰਨ ਲਈ ਇਕੱਠ ਹੋ ਰਹੇ ਹਨ। ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅਸਲੀ ਕਾਰਣ ਸਾਹਮਣੇ ਆ ਸਕੇ।
ਜਾਣੋ ਕਿ ਮੋਹਿੰਦਰ ਸਿੰਘ ਕੇਪੀ ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਵਰਗ ਤੋਂ ਇੱਕ ਪ੍ਰਭਾਵਸ਼ਾਲੀ ਆਗੂ ਮੰਨੇ ਜਾਂਦੇ ਹਨ। ਉਹ ਜਲੰਧਰ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ ਅਤੇ 2009 ਵਿੱਚ ਕਾਂਗਰਸ ਦੇ ਟਿਕਟ ’ਤੇ ਲੋਕ ਸਭਾ ਚੋਣ ਜਿੱਤ ਕੇ ਸੰਸਦ ਬਣੇ ਸਨ। 2024 ਵਿੱਚ ਉਹਨਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਦਾਮਨ ਫੜਿਆ ਸੀ। ਇਹ ਫ਼ੈਸਲਾ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੋੜ ਮੰਨਿਆ ਗਿਆ ਸੀ।
Get all latest content delivered to your email a few times a month.