ਤਾਜਾ ਖਬਰਾਂ
ਲੁਧਿਆਣਾਃ 13 ਸਤੰਬਰ- ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਪਟਨ(ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾਂ ਰੋਜ਼ਾ ਵਿਸ਼ਾਲ ਪੁਸਤਕ ਮੇਲਾ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤਾ। ਪ੍ਰਦਰਸ਼ਨੀ ਦੇ ਮੁੱਖ ਪ੍ਰਬੰਧਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੰਜ ਸੌ ਨਵੇਂ ਟਾਈਟਲ ਸ਼ਾਮਲ ਕੀਤੇ ਗਏ ਹਨ। ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਬਰੈਂਪਟਨ ਕੈਨੇਡਾ ਵਸਦੇ ਪੰਜਾਬੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਕਿਤਾਬਾਂ ਖਰੀਦਣ ਵਿਚ ਪਹਿਲ ਕੀਤੀ। ਇਸ ਮੌਕੇ ਪੰਜਾਬੀ ਲੇਖਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਿਤਾਬਾਂ ਹੀ ਮਹਾਨ ਮਨੁੱਖੀ ਗਿਆਨ ਮਈ ਤਰੰਗਾਂ ਨੂੰ ਸ਼ਬਦਾਂ ਵਿਚ ਉਕਰ ਕੇ ਸਾਡੇ ਸਮਾਜ ਅੱਗੇ ਪੜਨ ਲਈ ਪਰੋਸਦੀਆਂ ਹਨ।
ਗੁਰਦਾਸਪੁਰ ਤੋਂ ਕੈਨੇਡਾ ਗਏ ਪੰਜਾਬੀ ਕਵੀ ਮੱਖਣ ਕੋਹਾੜ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਦੇ ਮਾਲਕ ਸ਼ਤੀਸ਼ ਗੁਲਾਟੀ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਪੰਜਾਬ ਤੋ ਇੱਥੇ ਪਹੁੰਚ ਕੇ ਪ੍ਰਦਰਸ਼ਨੀ ਲਗਾਉਂਦੇ ਹਨ ਅਤੇ ਪੰਜਾਬੀਆਂ ਦੇ ਗਿਆਨ ਦਾ ਦਾਇਰਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਉਦਘਾਟਨ ਕਰਨ ਉਪਰੰਤ ਕਿਹਾ ਕਿ ਕੈਨੇਡਾ ਵਿੱਚ ਪੁਸਤਕ ਮੇਲੇ ਲੱਗਣੇ ਇਸ ਲਈ ਵੀ ਜ਼ਰੂਰੀ ਹਨ ਕਿ ਪੰਜਾਬੀਆਂ ਨੂੰ ਭਾਸ਼ਾ ਤੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਸਾਹਮਣੇ ਅਸੀਂ ਮੰਗ ਉਠਾ ਰਹੇ ਹਾਂ ਕਿ ਸਕੂਲਾਂ ਵਿੱਚ ਪੰਜਾਬੀ ਪੜਾਏ ਜਾਣ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਸੁਝਾਅ ਪ੍ਰਵਾਨ ਕਰਦਿਆਂ ਇਸ ਪੁਸਤਕ ਮੇਲੇ ਨੂੰ ਸਭਾ ਦੇ ਸਾਲਾਨਾ ਕੈਲੰਡਰ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਉੱਘੇ ਨਾਟਕਕਾਰ ਬਲਜਿੰਦਰ ਲੇਲਣਾ ਅਤੇ ਵਿਸ਼ਵ ਪੰਜਾਬੀ ਸਭਾ ਦੇ ਭਾਰਤੀ ਚੈਪਟਰ ਦੀ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਕਿਹਾ ਕਿ ਕਿਤਾਬਾਂ ਸਾਡੀ ਸਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਵਿੱਚ ਸਹਾਈ ਹਨ ਅਤੇ ਹਰ ਪੰਜਾਬੀ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਪਾਕਿਸਤਾਨ ਤੋਂ ਆਈ ਕਵਿੱਤਰੀ ਤਾਹਿਰਾ ਸਰਾ, ਲੋਕ ਗਾਇਕ ਹਸਨੈਨ ਅਕਬਰ (ਬਾਬਾ ਗਰੁੱਪ) ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਤੀਨਿਧ ਲੇਖਕ ਮੱਖਣ ਕੋਹਾੜ ਗੁਰਦਾਸਪੁਰ, ਡਾ. ਦਰਸ਼ਨਦੀਪ ,ਸਰਬਜੀਤ ਕੌਰ, ਰਾਜਿੰਦਰ ਸਿੰਘ ,ਨਾਟਕਕਾਰ ਨਾਹਰ ਸਿੰਘ ਔਜਲਾ, ਡਾ. ਪ੍ਰਗਟ ਸਿੰਘ, ਬੱਗਾ ,ਹੀਰਾ ਸਿੰਘ ਰੰਧਾਵਾ, ਜਸਵਿੰਦਰ ਸਿੰਘ ਬਿੱਟਾ, ਸਤਿਬੀਰ ਸਿੰਘ ਸਿੱਧੂ, ਹੰਸਪਾਲ ਸਰਬਜੀਤ ਕੌਰ ਕੋਹਲੀ, ਪਰਮਜੀਤ ਸਿੰਘ ਵਿਰਦੀ ਆਦਿ ਨੇ ਕਿਤਾਬਾਂ ਬਾਰੇ ਵਿਚਾਰ ਸਾਂਝੇ ਕੀਤੇ। ਪੁਸਤਕ ਮੇਲੇ ਦੇ
ਮੁੱਖ ਪ੍ਰਬੰਧਕ ਤੇ ਪੰਜਾਬੀ ਕਵੀ ਸ਼ਤੀਸ਼ ਗੁਲਾਟੀ ਨੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਅਤੇ ਵਿਸ਼ਵ ਪੰਜਾਬੀ ਭਵਨ ਦੀ ਵਰਤੋਂ ਲਈ ਡਾ. ਕਥੂਰੀਆ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਮੇਲਾ ਵਿੱਚ ਲਗ ਪਗ ਤਿੰਨ ਸੌ ਲੇਖਕਾਂ ਦੀਆਂ ਪੁਸਤਕਾਂ ਸ਼ਾਮਲ ਹਨ।
Get all latest content delivered to your email a few times a month.