IMG-LOGO
ਹੋਮ ਪੰਜਾਬ: ਪੇਡਾ ਨੇ ਊਰਜਾ ਕੁਸ਼ਲ ਪ੍ਰੋਜੈਕਟਾਂ ਲਈ ਨਿਵੇਸ਼ ਦੇ ਮੌਕਿਆਂ ਦੀ...

ਪੇਡਾ ਨੇ ਊਰਜਾ ਕੁਸ਼ਲ ਪ੍ਰੋਜੈਕਟਾਂ ਲਈ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਲਈ ਇੱਕ ਰੋਜ਼ਾ ਕਾਨਫਰੰਸ ਕਰਵਾਈ

Admin User - Sep 09, 2025 06:59 PM
IMG

”ਊਰਜਾ ਕੁਸ਼ਲਤਾ ਲਈ ਨਿਵੇਸ਼ ਬਾਜ਼ਾਰ” ਵਿਸ਼ੇ ‘ਤੇ ਕਰਵਾਈ ਕਾਨਫਰੰਸ ਦੌਰਾਨ ਮੁੱਖ ਭਾਈਵਾਲਾਂ ਨੇ ਇਸ ਅਹਿਮ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਬਾਰੇ ਕੀਤੀ ਚਰਚਾ 

ਚੰਡੀਗੜ੍ਹ, 9 ਸਤੰਬਰ:

ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਅੱਜ ਪੰਜਾਬ ਦੇ ਉਦਯੋਗਾਂ ਅਤੇ ਐਮ.ਐਸ.ਐਮ.ਈਜ਼. ਵਿੱਚ ਊਰਜਾ ਕੁਸ਼ਲ ਪ੍ਰੋਜੈਕਟਾਂ ਲਈ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਬਾਰੇ 'ਊਰਜਾ ਕੁਸ਼ਲਤਾ ਲਈ ਨਿਵੇਸ਼ ਬਾਜ਼ਾਰ' ਵਿਸ਼ੇ ਉੱਤੇ ਇਕ ਰੋਜ਼ਾ ਕਾਨਫਰੰਸ ਕਰਵਾਈ। ਇਸ ਸਮਾਗਮ ਦੌਰਾਨ ਇਸ ਮਹੱਤਵਪੂਰਨ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਾਂ, ਵਿੱਤੀ ਸੰਸਥਾਵਾਂ, ਬੈਂਕਾਂ, ਮਨੋਨੀਤ ਖਪਤਕਾਰਾਂ, ਐਮ.ਐਸ.ਐਮ.ਈਜ਼ ਅਤੇ ਉਪਕਰਣ ਨਿਰਮਾਤਾਵਾਂ ਸਮੇਤ ਮੁੱਖ ਭਾਈਵਾਲਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। 

ਇੱਥੇ ਕਿਸਾਨ ਭਵਨ ਵਿਖੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ੍ਰੀਮਤੀ ਨੀਲਿਮਾ ਨੇ ਸੂਬੇ ਵਿੱਚ ਉਦਯੋਗਾਂ ਅਤੇ ਐਮ.ਐਸ.ਐਮ.ਈਜ਼ ਵਿੱਚ ਊਰਜਾ ਕੁਸ਼ਲਤਾ ਅਤੇ ਨਵੀਆਂ ਤੇ ਨਵੀਨਤਾਕਾਰੀ ਊਰਜਾ ਕੁਸ਼ਲ ਤਕਨਾਲੋਜੀਆਂ ਨੂੰ ਲਾਗੂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗਾਂ ਅਤੇ ਐਮ.ਐਸ.ਐਮ.ਈਜ਼ ਵਿੱਚ ਨਿਵੇਸ਼ ਦੀਆਂ ਸੰਭਾਵਨਾ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਿਸ ਨਾਲ ਸੂਬਾ ਪੱਧਰ 'ਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਦਯੋਗ, ਆਵਾਜਾਈ, ਇਮਾਰਤਾਂ ਅਤੇ ਖੇਤੀਬਾੜੀ ਖੇਤਰ ਦੀ ਗਤੀਸ਼ੀਲਤਾ 'ਤੇ ਜ਼ੋਰ ਦਿੱਤਾ ਜੋ ਨਵੇਂ ਮੌਕੇ ਸਿਰਜ ਰਹੇ ਹਨ।

ਉਨ੍ਹਾਂ ਨੇ ਉਦਯੋਗਾਂ ਅਤੇ ਐਮ.ਐਸ.ਐਮ.ਈਜ਼ ਵਿੱਚ ਊਰਜਾ ਕੁਸ਼ਲ ਪ੍ਰਾਜੈਕਟ ਲਾਗੂ ਕਰਨ ਲਈ ਪ੍ਰੋਜੈਕਟ ਲਾਗੂ ਕਰਨ ਵਾਲਿਆਂ ਅਤੇ ਫੰਡਿੰਗ ਏਜੰਸੀਆਂ ਦਰਮਿਆਨ ਸੰਚਾਰ ਅਤੇ ਗਿਆਨ ਦੇ ਪਾੜੇ ਨੂੰ ਪੂਰਨ ਦੀ ਲੋੜ ਬਾਰੇ ਚਾਨਣਾ ਪਾਇਆ।

ਆਰਥਿਕ ਵਿਕਾਸ ਅਤੇ ਵਿੱਤੀ ਸਹਾਇਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਰਾਜ-ਵਿਆਪੀ ਊਰਜਾ ਕੁਸ਼ਲਤਾ ਪ੍ਰਾਜੈਕਟਾਂ ਵਿੱਚ ਉਦਯੋਗਾਂ ਅਤੇ ਐਮ.ਐਸ.ਐਮ.ਈਜ਼ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ, ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਹੇਠ, ਸੂਬੇ ਵੱਲੋਂ ਸਾਫ਼ ਸੁਥਰੀ ਊਰਜਾ ਸਬੰਧੀ ਹੱਲਾਂ 'ਤੇ ਧਿਆਨ ਕੇਂਦ੍ਰਤ ਕਰਕੇ ਊਰਜਾ ਤਬਦੀਲੀ ਵਿੱਚ ਦੇਸ਼ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਾਨਫਰੰਸ ਦਾ ਉਦੇਸ਼ ਊਰਜਾ ਕੁਸ਼ਲਤਾ ਨੂੰ ਹੋਰ ਬਾਜ਼ਾਰ ਅਨੁਕੂਲ ਬਣਾਉਣਾ ਹੈ। ਕਾਨਫਰੰਸ ਦੌਰਾਨ, ਉਦਯੋਗਾਂ ਅਤੇ ਐਮ.ਐਸ.ਐਮ.ਈਜ਼ ਦੇ ਭਾਈਵਾਲਾਂ ਵੱਲੋਂ ਵਿਆਪਕ ਪੱਧਰ ‘ਤੇ ਅਪਣਾਏ ਜਾਣ ਲਈ ਸਫਲ ਊਰਜਾ ਕੁਸ਼ਲ ਪ੍ਰੋਜੈਕਟ ਵੀ ਪੇਸ਼ ਕੀਤੇ ਗਏ।

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ (ਬੀ.ਈ.ਈ.) ਦੇ ਡਾਇਰੈਕਟਰ ਸ੍ਰੀ ਸ਼ਿਆਮ ਸੁੰਦਰ ਨੇ ਊਰਜਾ ਕੁਸ਼ਲਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਬੀ.ਈ.ਈ. ਵੱਲੋਂ ਉਦਯੋਗਾਂ ਲਈ ਪੇਸ਼ ਕੀਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਏ.ਡੀ.ਈ.ਈ.ਟੀ.ਆਈ.ਈ. (ਉਦਯੋਗਾਂ ਅਤੇ ਸੰਸਥਾਵਾਂ ਵਿੱਚ ਊਰਜਾ ਕੁਸ਼ਲ ਤਕਨਾਲੋਜੀਆਂ ਲਾਗੂ ਕਰਨ ਸਬੰਧੀ ਸਹਾਇਤਾ) ਯੋਜਨਾ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

ਇਸ ਕਾਨਫਰੰਸ ਵਿੱਚ ਪੇਡਾ ਦੇ ਸੀਨੀਅਰ ਅਧਿਕਾਰੀ ਅਤੇ ਉਦਯੋਗਾਂ, ਐਮ.ਐਸ.ਐਮ.ਈਜ਼, ਵਿੱਤੀ ਸੰਸਥਾਵਾਂ/ਬੈਂਕਾਂ, ਐਸ.ਆਈ.ਡੀ.ਬੀ.ਆਈ., ਯੂਨੀਅਨ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਉਪਕਰਣ ਨਿਰਮਾਤਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.