ਤਾਜਾ ਖਬਰਾਂ
-ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸੱਤਵੀਂ ਖੇਪ ਹੜ ਪੀੜਤਾਂ ਲਈ ਭੇਜੀ, ਮੈਡੀਕਲ ਟੀਮ ਵੀ ਸਹਾਇਤਾ ਲਈ ਰਵਾਨਾ
-ਪੰਜਾਬ ਵਿੱਚ ਹੜਾਂ ਨਾਲ ਵੱਡਾ ਜਾਨੀ-ਮਾਲੀ ਨੁਕਸਾਨ, ਬੀਮਾਰੀਆਂ ਦੇ ਖਤਰੇ ਨੂੰ ਵੇਖਦਿਆਂ ਸਾਵਧਾਨ ਰਹਿਣ ਦੀ ਅਪੀਲ
ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਪਹੁੰਚੇ ਅਤੇ ਉੱਥੇ ਅਰਦਾਸ ਕਰਕੇ ਹੜ ਪੀੜਤਾਂ ਲਈ ਰਾਸ਼ਨ ਦੀ ਸਮਗਰੀ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸਮਾਜ ਦੇ ਹਰ ਵਿਰਕੇ ਦੇ ਲੋਕ ਤਨ, ਮਨ ਅਤੇ ਧਨ ਨਾਲ ਹੜ ਪੀੜਤਾਂ ਦੀ ਸੇਵਾ ਵਿੱਚ ਜੁਟੇ ਹਨ, ਉੱਥੇ ਕੁਝ ਸ਼ਰਾਰਤੀ ਅਨਸਰ ਰਾਸ਼ਨ ਇਕੱਠਾ ਕਰਕੇ ਕਾਲਾ ਬਜ਼ਾਰੀ ਕਰ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਕਿ ਅਜਿਹੇ ਲੋਕਾਂ ’ਤੇ ਨੱਥ ਪਾਈ ਜਾਵੇ।ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਹਨ। ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ, ਘਰ ਡਿੱਗ ਚੁੱਕੇ ਹਨ, ਪਸ਼ੂ ਰੁੜ ਗਏ ਹਨ ਅਤੇ ਲੋਕਾਂ ਦੇ ਕਾਰੋਬਾਰ ਬਰਬਾਦ ਹੋਏ ਹਨ। ਜਮੀਨਾਂ ਵਿੱਚ ਰੇਤ ਅਤੇ ਭਾਲ ਚੜ੍ਹ ਜਾਣ ਕਾਰਨ ਕਿਸਾਨਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ। ਪਰ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਮੇਤ ਦੇਸ਼–ਵਿਦੇਸ਼ ਦੀ ਸੰਗਤ ਬੇਮਿਸਾਲ ਸਹਿਯੋਗ ਕਰ ਰਹੀ ਹੈ।
ਬੀਬੀ ਕੋਲਾ ਜੀ ਭਲਾਈ ਕੇਂਦਰ, ਜੋ ਸਦਾ ਤੋਂ ਸਮਾਜਿਕ ਸੇਵਾ ਅਤੇ ਧਰਮ ਪ੍ਰਚਾਰ ਵਿੱਚ ਅੱਗੇ ਰਹਿੰਦਾ ਹੈ, ਵੱਲੋਂ ਅੱਜ ਹੜ ਪੀੜਤਾਂ ਲਈ ਸੱਤਵੀਂ ਖੇਪ ਭੇਜੀ ਗਈ। ਭਾਈ ਗੋਰਖਬਾਲ ਸਿੰਘ ਜੀ ਅਤੇ ਜਥੇ ਦੇ ਸਹਿਯੋਗ ਨਾਲ ਤਿਆਰ ਕੀਤੀ ਇਸ ਖੇਪ ਵਿੱਚ ਰਾਸ਼ਨ, ਮੱਛਰਦਾਨੀਆਂ, ਪੇਸਟਾਂ, ਨਿਊਟ੍ਰੀਸ਼ਨ ਕਿੱਟਾਂ, ਦੁੱਧ, ਚਾਹ ਪੱਤੀ, ਸੋਲਰ ਲਾਈਟਾਂ, ਬੈਡਸ਼ੀਟਾਂ, ਕੱਪੜੇ ਅਤੇ ਪੈਰ ਪਹਿਨਣ ਲਈ ਜੋੜੇ ਸ਼ਾਮਲ ਸਨ। ਇਸ ਤੋਂ ਇਲਾਵਾ, ਪਸ਼ੂਆਂ ਲਈ ਚਾਰਾ ਅਤੇ ਮੈਡੀਕਲ ਟੀਮ ਐਮਬੂਲੈਂਸ ਸਮੇਤ ਭੇਜੀ ਗਈ। 300 ਤੋਂ ਵੱਧ ਮੈਡੀਕਲ ਕਿੱਟਾਂ ਵਿੱਚ ਬੁਖਾਰ ਦੀਆਂ ਦਵਾਈਆਂ, ਜ਼ਖਮਾਂ ਲਈ ਸਮੱਗਰੀ ਅਤੇ ਮੱਛਰ ਰੋਕੂ ਕੁਇਲਾਂ ਸ਼ਾਮਲ ਸਨ।ਗਿਆਨੀ ਰਘਬੀਰ ਸਿੰਘ ਜੀ ਨੇ ਗਰਾਊਂਡ ਲੈਵਲ ’ਤੇ ਦੇਖੇ ਹਾਲਾਤਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਕਈ ਘਰਾਂ ਦੇ ਫਰਸ਼ ਉਖੜ ਗਏ ਹਨ, ਛੱਤਾਂ ਡਿੱਗ ਗਈਆਂ ਹਨ ਅਤੇ ਪਾਣੀ ਘਰਾਂ ਦੇ ਅੰਦਰ ਵੜ ਗਿਆ ਹੈ। ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਭਾਵੇਂ ਪਾਣੀ ਹੌਲੀ–ਹੌਲੀ ਥੱਲੇ ਜਾ ਰਿਹਾ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ। ਜ਼ਮੀਨਾਂ ਵਿੱਚ ਪਏ ਮਰੇ ਪਸ਼ੂ ਅਤੇ ਪੰਛੀ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣ ਸਕਦੇ ਹਨ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਸੱਚੀ ਸੇਵਾ ਉਹ ਹੈ ਜੋ ਸਮੇਂ ’ਤੇ ਕੀਤੀ ਜਾਵੇ। ਇਸ ਵੇਲੇ ਜਿਹੜੇ ਲੋਕ ਸਮਾਨ ਮਹਿੰਗਾ ਕਰਕੇ ਵੇਚ ਰਹੇ ਹਨ ਜਾਂ ਕਾਲਾ ਬਜ਼ਾਰੀ ਕਰ ਰਹੇ ਹਨ, ਉਹ ਮਨੁੱਖਤਾ ਵਿਰੁੱਧ ਕੰਮ ਕਰ ਰਹੇ ਹਨ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੀ ਫ਼ਿਤਰਤ ਸਦਾ ਤੋਂ ਸੇਵਾ–ਭਾਵੀ ਰਹੀ ਹੈ। ਜਦੋਂ ਵੀ ਕਿਸੇ ’ਤੇ ਵਿਪਤਾ ਆਉਂਦੀ ਹੈ, ਪੰਜਾਬੀ ਆਪਣੇ ਧਰਮ, ਕੌਮ ਅਤੇ ਇਨਸਾਨੀਅਤ ਦੇ ਨਾਤੇ ਉਸਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਅੱਜ ਦੂਜੀਆਂ ਸਟੇਟਾਂ ਤੋਂ ਹਿੰਦੂ, ਮੁਸਲਿਮ ਤੇ ਹੋਰ ਭਾਈਚਾਰੇ ਵੀ ਪੰਜਾਬ ਵਿੱਚ ਆ ਕੇ ਸੇਵਾ ਕਰ ਰਹੇ ਹਨ, ਜੋ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦਾ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਯਾਦ ਕਰਦਿਆਂ ਗਿਆਨੀ ਜੀ ਨੇ ਕਿਹਾ ਕਿ ਸਾਨੂੰ ਹਰ ਇਨਸਾਨ ਨੂੰ ਆਪਣਾ ਭਰਾ ਸਮਝ ਕੇ ਇਸ ਤਰ੍ਹਾਂ ਦੀਆਂ ਵਿਪਤਾਵਾਂ ਵਿੱਚ ਮਿਲ–ਜੁਲ ਕੇ ਸੇਵਾ ਕਰਨੀ ਚਾਹੀਦੀ ਹੈ।
Get all latest content delivered to your email a few times a month.