ਤਾਜਾ ਖਬਰਾਂ
ਪੰਜਾਬ ਵਿੱਚ ਹੜ੍ਹਾਂ ਨਾਲ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ, ਸ਼੍ਰੋਮਣੀ ਅਕਾਲੀ ਦਲ ਨੇ ਉਪ ਰਾਸ਼ਟਰਪਤੀ ਚੋਣ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਾਰ ਉਸਦਾ ਇਕੱਲਾ ਸੰਸਦ ਮੈਂਬਰ ਵੋਟਿੰਗ ਵਿੱਚ ਹਿੱਸਾ ਨਹੀਂ ਲਏਗਾ। ਗੌਰਤਲਬ ਹੈ ਕਿ ਇਸ ਸਮੇਂ ਅਕਾਲੀ ਦਲ ਦੀ ਇਕੱਲੀ ਸੀਟ ਬਠਿੰਡਾ ਤੋਂ ਹੈ, ਜਿਸ ‘ਤੇ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹਨ।
ਅਕਾਲੀ ਦਲ ਨੇ ਦਲੀਲ ਦਿੱਤੀ ਹੈ ਕਿ ਜਦੋਂ ਸੂਬੇ ਦੇ ਹਜ਼ਾਰਾਂ ਪਰਿਵਾਰ ਹੜ੍ਹਾਂ ਕਾਰਨ ਬੇਘਰ ਹੋ ਗਏ ਹਨ, ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਲੋਕ ਰਾਹਤ ਦੀ ਉਡੀਕ ਕਰ ਰਹੇ ਹਨ, ਤਾਂ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਪੂਰੀ ਤਾਕਤ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ। ਪਾਰਟੀ ਮੰਨਦੀ ਹੈ ਕਿ ਅਜਿਹੇ ਹਾਲਾਤਾਂ ਵਿੱਚ ਚੋਣੀ ਕਾਰਵਾਈ ‘ਚ ਸ਼ਾਮਲ ਹੋਣ ਨਾਲੋਂ ਲੋਕਾਂ ਤੱਕ ਸਹਾਇਤਾ ਪਹੁੰਚਾਉਣਾ ਵੱਡੀ ਜ਼ਿੰਮੇਵਾਰੀ ਹੈ।
ਇਸੇ ਦਰਮਿਆਨ, ਅੱਜ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲੇਗਾ। ਚੋਣ ਲਈ ਵੋਟਿੰਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਏਗੀ, ਜਦੋਂ ਕਿ ਗਿਣਤੀ ਸ਼ਾਮ 6 ਵਜੇ ਤੋਂ ਸ਼ੁਰੂ ਹੋਣ ‘ਤੇ ਨਤੀਜਾ ਵੀ ਉਸੇ ਦਿਨ ਆਵੇਗਾ। ਐਨਡੀਏ ਵੱਲੋਂ ਸੀ.ਪੀ. ਰਾਧਾਕ੍ਰਿਸ਼ਨਨ ਮੈਦਾਨ ‘ਚ ਹਨ, ਜਦੋਂ ਕਿ ਇੰਡੀਆ ਗਠਜੋੜ ਨੇ ਸਾਬਕਾ ਸੁਪਰੀਮ ਕੋਰਟ ਜੱਜ ਬੀ. ਸੁਦਰਸ਼ਨ ਰੈਡੀ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ।
ਉਪ ਰਾਸ਼ਟਰਪਤੀ ਚੋਣ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਸੰਸਦ ਮੈਂਬਰ ਵੋਟ ਪਾਉਂਦੇ ਹਨ, ਜਿਸ ਵਿੱਚ ਨਾਮਜ਼ਦ ਮੈਂਬਰ ਵੀ ਸ਼ਾਮਲ ਹੁੰਦੇ ਹਨ। ਵੋਟਿੰਗ ਗੁਪਤ ਰੂਪ ਵਿੱਚ ਹੁੰਦੀ ਹੈ ਅਤੇ ਵ੍ਹਿਪ ਲਾਗੂ ਨਹੀਂ ਹੁੰਦਾ, ਹਾਲਾਂਕਿ ਜ਼ਿਆਦਾਤਰ ਵੋਟ ਪਾਰਟੀ ਲਾਈਨਾਂ ਦੇ ਅਨੁਸਾਰ ਹੀ ਪੈਂਦੀਆਂ ਹਨ। ਇਤਿਹਾਸਕ ਤੌਰ ‘ਤੇ ਕਈ ਵਾਰ ਕਰਾਸ ਵੋਟਿੰਗ ਵੀ ਦੇਖਣ ਨੂੰ ਮਿਲੀ ਹੈ।
ਮੌਜੂਦਾ ਅੰਕੜਿਆਂ ਅਨੁਸਾਰ ਰਾਜ ਸਭਾ ਵਿੱਚ 239 ਅਤੇ ਲੋਕ ਸਭਾ ਵਿੱਚ 542 ਸੰਸਦ ਮੈਂਬਰ ਹਨ, ਜਿਸ ਕਰਕੇ ਜਿੱਤ ਲਈ ਘੱਟੋ-ਘੱਟ 391 ਵੋਟਾਂ ਦੀ ਲੋੜ ਹੋਵੇਗੀ। ਐਨਡੀਏ ਕੋਲ ਪਹਿਲਾਂ ਹੀ 425 ਮੈਂਬਰਾਂ ਦਾ ਸਹਿਯੋਗ ਮੰਨਿਆ ਜਾ ਰਿਹਾ ਹੈ, ਨਾਲ ਹੀ ਕੁਝ ਹੋਰ ਪਾਰਟੀਆਂ ਤੋਂ ਵੀ ਵੋਟਾਂ ਮਿਲਣ ਦੀ ਸੰਭਾਵਨਾ ਹੈ।
Get all latest content delivered to your email a few times a month.