IMG-LOGO
ਹੋਮ ਪੰਜਾਬ: ਹੜਾਂ ਲਈ ਬੀਬੀਐਮਬੀ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਬਲਿਕ ਐਕਸ਼ਨ ਕਮੇਟੀ...

ਹੜਾਂ ਲਈ ਬੀਬੀਐਮਬੀ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਬਲਿਕ ਐਕਸ਼ਨ ਕਮੇਟੀ ਨੇ ਡੈਮ ਪ੍ਰਬੰਧਨ 'ਤੇ ਉਠਾਏ ਸਵਾਲ

Admin User - Sep 08, 2025 09:12 PM
IMG

ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਪਬਲਿਕ ਐਕਸ਼ਨ ਕਮੇਟੀ (PAC) ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾ ਦੌਰਾਨ ਕਿਹਾ ਗਿਆ ਕਿ ਪੰਜਾਬ ਵਿੱਚ ਆ ਰਹੇ ਹੜ ਕੁਦਰਤੀ ਨਹੀਂ, ਸਗੋਂ ਮਨੁੱਖੀ ਲਾਪਰਵਾਹੀ ਦਾ ਨਤੀਜਾ ਹਨ। PAC ਨੇ ਸਪਸ਼ਟ ਕੀਤਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਡੈਮਾਂ ਦੇ ਗਲਤ ਸੰਚਾਲਨ ਅਤੇ ਸਰਕਾਰ ਦੀ ਨਾਕਾਮੀ ਕਾਰਨ ਹੀ ਹਰ ਕੁਝ ਸਾਲਾਂ ਬਾਅਦ ਵੱਡੇ ਹੜਾਂ ਦੀ ਸਥਿਤੀ ਬਣਦੀ ਹੈ।

ਇੰਜੀਨੀਅਰ ਕਪਿਲ ਅਰੋੜਾ ਨੇ ਦੱਸਿਆ ਕਿ 2019, 2023 ਅਤੇ ਹੁਣ 2025 ਵਿੱਚ ਆਏ ਹੜ ਦਰਸਾਉਂਦੇ ਹਨ ਕਿ ਡੈਮ ਪ੍ਰਬੰਧਨ ਵਿਗਿਆਨਕ ਢੰਗ ਨਾਲ ਨਹੀਂ ਹੋ ਰਿਹਾ। PAC ਦੇ ਅੰਕੜਿਆਂ ਅਨੁਸਾਰ ਬੀਬੀਐਮਬੀ ਪਾਣੀ ਦੇ ਪੱਧਰ ਨੂੰ ਸਮੇਂ 'ਤੇ ਕਾਬੂ ਕਰਨ ਵਿੱਚ ਫੇਲ ਰਹੀ ਹੈ। ਉਹਨਾਂ ਯਾਦ ਦਿਵਾਇਆ ਕਿ 1988 ਵਿੱਚ ਇੱਕੋ ਦਿਨ 8 ਲੱਖ ਕਿਊਸਿਕ ਪਾਣੀ ਛੱਡਣ ਨਾਲ ਵੱਡਾ ਹੜ ਆਇਆ ਸੀ। 2014 ਵਿੱਚ ਕੇਂਦਰੀ ਜਲ ਕਮਿਸ਼ਨ ਨੇ ਨਵੇਂ ਨਿਯਮ ਬਣਾਉਣ ਦੇ ਹੁਕਮ ਦਿੱਤੇ ਸਨ ਪਰ ਬੀਬੀਐਮਬੀ ਅਜੇ ਵੀ 1990 ਦੇ ਪੁਰਾਣੇ ਡਾਟੇ ਦੇ ਅਧਾਰ 'ਤੇ ਕੰਮ ਕਰ ਰਹੀ ਹੈ।

PAC ਨੇ ਇਲਜ਼ਾਮ ਲਾਇਆ ਕਿ ਡੈਮ ਪ੍ਰਬੰਧਨ ਦੀਆਂ ਖਾਮੀਆਂ, ਗੈਰ-ਕਾਨੂੰਨੀ ਮਾਈਨਿੰਗ ਅਤੇ ਦਰਿਆਵਾਂ ਵਿੱਚ ਹੋ ਰਹੇ ਕਬਜ਼ਿਆਂ ਨੇ ਹੜਾਂ ਦੇ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ। ਇਸ ਲਈ PAC ਨੇ ਐਨਜੀਟੀ ਵਿੱਚ ਪਟੀਸ਼ਨ ਦਾਇਰ ਕਰਕੇ ਰਿਟਾਇਰਡ ਹਾਈਕੋਰਟ ਜੱਜ ਅਤੇ ਹਾਈਡਰੋਲੋਜੀ ਮਾਹਰਾਂ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਬੀਬੀਐਮਬੀ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਦੀ ਜਾਂਚ ਕੀਤੀ ਜਾ ਸਕੇ।

ਡਾ. ਅਮਨਦੀਪ ਬੈਂਸ ਨੇ ਵੀ ਅਦਾਲਤ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। PAC ਨੇ ਕਿਹਾ ਕਿ ਹੁਣ ਲੋੜ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਪੰਜਾਬ ਨੂੰ ਵਾਰ-ਵਾਰ ਹੜ੍ਹਾਂ ਦੀ ਤਬਾਹੀ ਤੋਂ ਬਚਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.