ਤਾਜਾ ਖਬਰਾਂ
ਜਲੰਧਰ – ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਈ ਸਖ਼ਤ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀਆਂ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਦੇ ਅਧੀਨ ਲਗਾਈਆਂ ਗਈਆਂ ਹਨ ਅਤੇ ਇਹ ਹੁਕਮ 6 ਨਵੰਬਰ 2025 ਤੱਕ ਲਾਗੂ ਰਹਿਣਗੇ।
ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਕਮਿਸ਼ਨਰੇਟ ਪੁਲਿਸ ਦੀ ਹੱਦ ਵਿੱਚ ਕੋਈ ਵੀ ਵਿਅਕਤੀ ਆਪਣੇ ਵਾਹਨ ਵਿੱਚ ਬੇਸਬਾਲ ਬੈਟ, ਤੇਜ਼ਧਾਰ ਛੁਰੀ, ਨੁਕੀਲੇ ਹਥਿਆਰ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਜਾਨਲੇਵਾ ਹਥਿਆਰ ਰੱਖ ਕੇ ਨਹੀਂ ਫਿਰ ਸਕੇਗਾ। ਇਸ ਦੇ ਨਾਲ ਹੀ ਹਥਿਆਰਾਂ ਨਾਲ ਜਲੂਸ ਕੱਢਣਾ, ਵੱਡੇ ਇਕੱਠ ਕਰਨਾ ਜਾਂ ਨਾਅਰੇਬਾਜ਼ੀ ਕਰਨੀ ਵੀ ਮਨਾਹੀ ਕਰ ਦਿੱਤੀ ਗਈ ਹੈ।
ਇੱਕ ਹੋਰ ਹੁਕਮ ਅਨੁਸਾਰ, ਵਿਆਹ ਪੈਲੇਸਾਂ, ਹੋਟਲਾਂ ਅਤੇ ਬੈਂਕੁਇਟ ਹਾਲਾਂ ਵਿਚ ਸਮਾਗਮਾਂ ਦੌਰਾਨ ਕਿਸੇ ਨੂੰ ਵੀ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਮਾਗਮ ਸਥਾਨਾਂ ਦੇ ਮਾਲਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਉਣ ਦੇ ਜ਼ਿੰਮੇਵਾਰ ਹੋਣਗੇ।
ਘਰਾਂ ਦੇ ਮਾਲਕਾਂ, ਪੇਈਂਗ ਗੈਸਟ (PG) ਮਾਲਕਾਂ ਅਤੇ ਕਿਰਾਏਦਾਰ ਰੱਖਣ ਵਾਲਿਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਬਿਨਾਂ ਪੁਲਿਸ ਨੂੰ ਸੂਚਿਤ ਕੀਤੇ ਉਹ ਆਪਣੇ ਘਰਾਂ, PG ਜਾਂ ਨੌਕਰੀ ’ਤੇ ਕਿਸੇ ਨੂੰ ਵੀ ਨਾ ਰੱਖਣ।
ਇਸ ਤੋਂ ਇਲਾਵਾ, ਹੋਟਲ, ਮੋਟਲ ਅਤੇ ਗੈਸਟ ਹਾਊਸ ਦੇ ਮਾਲਕਾਂ ਨੂੰ ਯਾਤਰੀਆਂ ਦੀ ਪਛਾਣ ਦੀ ਪੁਸ਼ਟੀ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ। ਹਰ ਰਹਿਣ ਵਾਲੇ ਵਿਅਕਤੀ ਦਾ ਸਵੈ-ਪ੍ਰਮਾਣਿਤ ਫੋਟੋ ਪਛਾਣ ਪੱਤਰ, ਮੋਬਾਇਲ ਨੰਬਰ ਦੀ ਤਸਦੀਕ ਅਤੇ ਰਜਿਸਟਰ ਵਿਚ ਸਾਰੀ ਜਾਣਕਾਰੀ ਦਰਜ ਹੋਣੀ ਚਾਹੀਦੀ ਹੈ। ਇਹ ਰਿਕਾਰਡ ਹਰ ਰੋਜ਼ ਸਵੇਰੇ 10 ਵਜੇ ਸਬੰਧਤ ਥਾਣੇ ਨੂੰ ਭੇਜਣਾ ਲਾਜ਼ਮੀ ਹੋਵੇਗਾ। ਵਿਦੇਸ਼ੀ ਯਾਤਰੀ ਦੇ ਠਹਿਰਨ ’ਤੇ ਤੁਰੰਤ ਜਾਣਕਾਰੀ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ ਨੂੰ ਦੇਣੀ ਪਵੇਗੀ।
ਪਟਾਕਾ ਵਿਕਰੇਤਾ ਅਤੇ ਨਿਰਮਾਤਾਵਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਹਰ ਪੈਕੇਟ ’ਤੇ ਆਵਾਜ਼ ਦੀ ਲੈਵਲ (ਡੈਸੀਬਲ) ਦਰਸਾਉਣਾ ਲਾਜ਼ਮੀ ਹੋਵੇਗਾ। ਨਾਲ ਹੀ ਹੋਟਲਾਂ ਅਤੇ ਸਰਾਂ ਦੇ ਐਂਟਰੀ ਗੇਟ, ਰਿਸੈਪਸ਼ਨ, ਗਲਿਆਰਿਆਂ ਅਤੇ ਲਿਫਟਾਂ ਵਿੱਚ ਸੀਸੀਟੀਵੀ ਲਗਾਉਣ ਦੀ ਸ਼ਰਤ ਰੱਖੀ ਗਈ ਹੈ।
ਜੇਕਰ ਕਿਸੇ ਵੀ ਹੋਟਲ ਜਾਂ ਸਰਾਂ ਵਿੱਚ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਜਾਂ ਕਿਸੇ ਹੋਰ ਸੂਬੇ ਦੀ ਪੁਲਿਸ ਨੂੰ ਚਾਹੀਦਾ ਵਿਅਕਤੀ ਉੱਥੇ ਰਹਿੰਦਾ ਪਾਇਆ ਜਾਂਦਾ ਹੈ, ਤਾਂ ਉਸ ਸੰਸਥਾ ਦਾ ਮਾਲਕ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਲਈ ਬੱਝਬੱਧ ਹੋਵੇਗਾ।
Get all latest content delivered to your email a few times a month.