ਤਾਜਾ ਖਬਰਾਂ
ਪੰਜਾਬ ਹੜ੍ਹਾਂ ਦੀ ਭਿਆਨਕ ਮਾਰ ਤੋਂ ਗੁਜ਼ਰ ਰਿਹਾ ਹੈ। ਹਜ਼ਾਰਾਂ ਪਰਿਵਾਰ ਬੇਘਰ ਹੋਏ ਹਨ, ਖੇਤ-ਖਲਿਹਾਨ ਪਾਣੀ ਵਿੱਚ ਡੁੱਬ ਗਏ ਹਨ ਅਤੇ ਪਸ਼ੂ-ਧਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਇਸ ਸਾਰੇ ਸੰਕਟ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ ਦੇ ਦੌਰੇ 'ਤੇ ਪਹੁੰਚਣਗੇ। ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਣਗੇ ਅਤੇ ਪੀੜਤ ਪਰਿਵਾਰਾਂ ਨਾਲ ਮਿਲਣਗੇ।
ਅਮਨ ਅਰੋੜਾ ਨੇ ਰਾਹਤ ਪੈਕੇਜ ਦੀ ਕੀਤੀ ਮੰਗ
ਇਸ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਦੌਰਾ ਕਰਨ ਲਈ ਨਾ ਆਉਣ, ਸਗੋਂ ਪੰਜਾਬ ਦੇ ਪਿਛਲੇ ਬਕਾਏ ਜਾਰੀ ਕਰਨ ਦੇ ਨਾਲ ਘੱਟੋ ਘੱਟ 20 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਵੀ ਦੇ ਕੇ ਜਾਣ। ਅਰੋੜਾ ਦੇ ਅਨੁਸਾਰ, ਕੇਂਦਰ ਨੇ ਪਹਿਲਾਂ ਹੀ ਪੰਜਾਬ ਦਾ ਕਰੀਬ 60 ਹਜ਼ਾਰ ਕਰੋੜ ਰੁਪਏ ਬਕਾਇਆ ਰੋਕਿਆ ਹੋਇਆ ਹੈ, ਜੋ ਅਜਿਹੇ ਸੰਕਟ ਦੇ ਸਮੇਂ ਵਿੱਚ ਜਾਰੀ ਕਰਨਾ ਬਹੁਤ ਜ਼ਰੂਰੀ ਹੈ।
ਨੁਕਸਾਨ ਦੇ ਚੌਕਾਉਣ ਵਾਲੇ ਅੰਕੜੇ
ਕੈਬਨਿਟ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ 4.5 ਲੱਖ ਏਕੜ ਤੋਂ ਵੱਧ ਖੇਤੀਬਾੜੀ ਦੀ ਜ਼ਮੀਨ ਤਬਾਹ ਹੋ ਚੁੱਕੀ ਹੈ। ਲਗਭਗ 3.60 ਕਰੋੜ ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਮਕਾਨਾਂ ਦੇ ਢਹਿਣ ਨਾਲ ਪਰਿਵਾਰ ਬੇਘਰ ਹੋਏ ਹਨ। ਇਹ ਅੰਕੜੇ ਅਜੇ ਹੋਰ ਵੱਧ ਸਕਦੇ ਹਨ। ਪਾਣੀ ਘਟਣ ਤੋਂ ਬਾਅਦ ਸਿਹਤ ਸਬੰਧੀ ਸਮੱਸਿਆਵਾਂ, ਬੁਨਿਆਦੀ ਢਾਂਚੇ ਦੀ ਮੁੜ ਮੁਰੰਮਤ ਅਤੇ ਖੇਤੀਬਾੜੀ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਸਾਹਮਣੇ ਆਉਣਗੀਆਂ।
“ਪੰਜਾਬ ਮੰਗਤਾ ਨਹੀਂ, ਆਪਣੇ ਹੱਕ ਦੀ ਮੰਗ ਕਰ ਰਿਹਾ ਹੈ”
ਅਰੋੜਾ ਨੇ ਕਿਹਾ ਕਿ ਪੰਜਾਬ ਕਿਸੇ ਤੋਂ ਮੰਗਣ ਵਾਲਿਆਂ ਵਿੱਚੋਂ ਨਹੀਂ, ਸਗੋਂ ਸਿਰਫ਼ ਆਪਣੇ ਹੱਕ ਦਾ ਪੈਸਾ ਚਾਹੁੰਦਾ ਹੈ। ਉਹਨਾਂ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਿਰਫ਼ ਦੌਰਾ ਕਰਕੇ ਵਾਪਸ ਨਾ ਜਾਣ, ਸਗੋਂ ਪੰਜਾਬ ਲਈ ਠੋਸ ਐਲਾਨ ਕਰਕੇ ਜਾਣ।
ਕੇਂਦਰ 'ਤੇ ਭਾਜਪਾ ਦਾ “ਡਿਜ਼ਾਸਟਰ ਟੂਰਿਜ਼ਮ” ਦੋਸ਼
ਆਪ ਆਗੂ ਨੇ ਭਾਜਪਾ 'ਤੇ ਤੰਜ ਕਸਦਿਆਂ ਕਿਹਾ ਕਿ ਕੇਂਦਰੀ ਮੰਤਰੀ ਅਤੇ ਨੇਤਾ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਦੌਰਾ ਤਾਂ ਕਰ ਰਹੇ ਹਨ ਪਰ ਕੋਈ ਵੀ ਰਾਹਤ ਦਾ ਐਲਾਨ ਨਹੀਂ ਕਰ ਰਹੇ। ਅਰੋੜਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਦਾ ਨਹੀਂ, ਸਗੋਂ ਪੰਜਾਬ ਦੇ ਹੱਕ ਦੇ ਪੈਸੇ ਦੇਣ ਅਤੇ ਲੋਕਾਂ ਦੀ ਮਦਦ ਕਰਨ ਦਾ ਹੈ।
Get all latest content delivered to your email a few times a month.