ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਸਤੰਬਰ: ਸੱਪ ਦੇ ਡੰਗ ਮਾਰਨ 'ਤੇ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਾਵੇ l ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਹੜ੍ਹਾਂ ਦੇ ਪਾਣੀ ਵਿਚ ਸੱਪਾਂ ਦੇ ਡੰਗ ਮਾਰਨ ਦੀਆਂ ਘਟਨਾਵਾਂ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ l ਉਨ੍ਹਾਂ ਦਸਿਆ ਕਿ ਸੱਪ ਦੇ ਡੰਗੇ ਜਾਣ ਦੇ ਇਲਾਜ ਲਈ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਦਵਾਈ ਉਪਲਭਧ ਹੈ ਜਿਥੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਸਿਹਤ ਅਧਿਕਾਰੀ ਨੇ ਦਸਿਆ ਕਿ ਬਰਸਾਤ ਦੇ ਮੌਸਮ ’ਚ ਸੱਪਾਂ ਦੁਆਰਾ ਇਨਸਾਨਾਂ ਨੂੰ ਡੰਗੇ ਜਾਣ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਹਨ। ਪੰਜਾਬ ਵਿਚ ਕਈ ਕਿਸਮਾਂ ਦੇ ਗ਼ੈਰ-ਜ਼ਹਿਰੀਲੇ ਸੱਪਾਂ ਤੋਂ ਇਲਾਵਾ ਕਾਮਨ ਕਰੇਟ, ਰਸਲ ਵਾਇਪਰ ਅਤੇ ਕੋਬਰਾ ਜਿਹੇ ਜ਼ਹਿਰੀਲੇ ਸੱਪ ਵੀ ਪਾਏ ਜਾਂਦੇ ਹਨ। ਇਹ ਸੱਪ ਕਾਫ਼ੀ ਜ਼ਹਿਰੀਲੇ ਹੁੰਦੇ ਹਨ ਜਿਨ੍ਹਾਂ ਦੁਆਰਾ ਡੰਗੇ ਜਾਣ ਤੋਂ ਬਾਅਦ ਬਿਨਾਂ ਦੇਰ ਕੀਤਿਆਂ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਪ ਦੇ ਡੰਗੇ ਜਾਣ ਤੋਂ ਬਾਅਦ ਅਖੌਤੀ ਤਾਂਤਰਿਕਾਂ/ਬਾਬਿਆਂ ਜਾਂ ਝੋਲਾ ਛਾਪ ਡਾਕਟਰਾਂ ਕੋਲ ਜਾਣ ਦੀ ਬਜਾਏ ਹਸਪਤਾਲ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਅਖੌਤੀ ਤਾਂਤਰਿਕਾਂ/ਬਾਬਿਆਂ/ਸਾਧਾਂ ਕੋਲ ਸੱਪ ਦੇ ਡੰਗ ਤੋਂ ਬਚਾਅ ਲਈ ਕੋਈ ਡਾਕਟਰੀ ਇਲਾਜ ਨਹੀਂ ਹੁੰਦਾ ਸਗੋਂ ਉਹ ਕਈ ਵਾਰ ਮਰੀਜ਼ ਦੀ ਹਾਲਤ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਵਾਰ ਮਰੀਜ਼ ਦੀ ਜਾਨ ਵੀ ਚਲੇ ਜਾਂਦੀ ਹੈ।
ਸੱਪ ਦੇ ਡੰਗ ਦੀ ਪਛਾਣ ਅਤੇ ਬਚਾਅ ਦੇ ਕੁੱਝ ਨੁਕਤੇ ਸਾਂਝੇ ਕਰਦਿਆਂ ਡਾ. ਜੈਨ ਨੇ ਦਸਿਆ ਕਿ ਜੇ ਸੱਪ ਡੰਗ ਜਾਵੇ ਤਾਂ ਸਭ ਤੋਂ ਪਹਿਲਾਂ ਸਬੰਧਤ ਸਰੀਰਕ ਅੰਗ ’ਤੇ ਡੰਗ ਦਾ ਨਿਸ਼ਾਨ ਵੇਖਣ ਦੀ ਕੋਸ਼ਿਸ਼ ਕਰੋ ਤਾਕਿ ਪੱਕਾ ਪਤਾ ਲੱਗ ਜਾਵੇ ਕਿ ਸੱਪ ਨੇ ਡੰਗਿਆ ਹੈ। ਮਰੀਜ਼ ਨੂੰ ਹੌਸਲਾ ਦਿਉ ਅਤੇ ਦੱਸੋ ਕਿ ਲਗਭਗ 70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ ਜਿਸ ਕਾਰਨ ਹੋ ਸਕਦਾ ਹੈ ਕਿ ਉਸ ਨੂੰ ਜ਼ਹਿਰੀਲੇ ਸੱਪ ਨੇ ਨਾ ਕਟਿਆ ਹੋਵੇ। ਫਿਰ ਵੀ ਜੋਖਮ ਨਾ ਉਠਾਉ। ਡੰਗ ਵਾਲੀ ਥਾਂ ਨੂੰ ਉਵੇਂ ਹੀ ਸਪੋਰਟ ਦਿਉ, ਜਿਵੇਂ ਸਰੀਰ ਦਾ ਕੋਈ ਅੰਗ ਫ਼ਰੈਕਚਰ ਹੋਣ ’ਤੇ ਸਪੋਰਟ ਦਿਤੀ ਜਾਂਦੀ ਹੈ ਤਾਕਿ ਉਸ ਤੋਂ ਕੰਮ ਨਾ ਲਿਆ ਜਾ ਸਕੇ ਜਾਂ ਹਿੱਲ-ਜੁਲ ਨਾ ਸਕੇ ਪਰ ਇਹ ਸਪੋਰਟ ਏਨੀ ਜ਼ੋਰ ਨਾਲ ਨਾ ਬੰਨ੍ਹੀ ਜਾਵੇ ਕਿ ਖ਼ੂਨ ਦੀ ਸਪਲਾਈ ਹੀ ਬੰਦ ਹੋ ਜਾਵੇ। ਮਰੀਜ਼ ਨੂੰ ਦੌੜਨਾ ਨਹੀਂ ਚਾਹੀਦਾ ਅਤੇ ਖ਼ੁਦ ਵਾਹਨ ਚਲਾ ਕੇ ਹਸਪਤਾਲ ਨਹੀਂ ਜਾਣਾ ਚਾਹੀਦਾ। ਡੰਗ ਵਾਲੀ ਥਾਂ ਤੋਂ ਜੁੱਤੀਆਂ, ਘੜੀ, ਗਹਿਣੇ ਜਾਂ ਕੱਪੜਾ ਹਟਾ ਦਿਉ। ਡੰਗ ਵਾਲੀ ਥਾਂ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਅਤੇ ਸੱਪ ਨੂੰ ਮਾਰਨ ’ਚ ਸਮਾਂ ਗਵਾਉਣ ਦੀ ਬਜਾਏ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਉ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 108 "ਤੇ ਫ਼ੋਨ ਕਰਕੇ ਐਂਬੂਲੈਂਸ ਮੰਗਵਾਈ ਜਾ ਸਕਦੀ ਹੈ l
ਸੱਪ ਦੇ ਡੰਗ ਦੇ ਲੱਛਣ
ਡੰਗ ਵਾਲੀ ਥਾਂ ’ਤੇ ਦਰਦ, ਸੋਜਸ਼, ਜ਼ਖ਼ਮ, ਖ਼ੂਨ, ਸਾਹ ਲੈਣ ’ਚ ਤਕਲੀਫ਼, ਨਿਗਲਣ ਅਤੇ ਬੋਲਣ ’ਚ ਤਕਲੀਫ਼, ਗਰਦਨ ਦੇ ਪੱਠਿਆਂ ’ਚ ਕਮਜ਼ੋਰੀ, ਸਿਰ ਚੁੱਕਣ ’ਚ ਮੁਸ਼ਕਲ, ਕੰਨਾਂ, ਨੱਕ, ਗਲ ਜਾਂ ਹੋਰ ਕਿਸੇ ਥਾਂ ਤੋਂ ਖ਼ੂਨ ਵਗਣਾ ਆਦਿ।
Get all latest content delivered to your email a few times a month.