ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਦੁਬਾਰਾ ਆਪਣੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਸਾਬਤ ਕੀਤੀ ਹੈ। ਯੂਰਪ ਦੇ ਮਾਲਟਾ ਵਿੱਚ ‘ਬਾਰਡਰ ਬ੍ਰੇਕਿੰਗ’ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਸਟੇਜ ਤੋਂ ਘੋਸ਼ਣਾ ਕੀਤੀ ਕਿ ਇਸ ਸ਼ੋਅ ਦੀ ਪੂਰੀ ਫੀਸ ਉਹ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਦਾਨ ਕਰਨਗੇ। ਇਸ ਐਲਾਨ ਨੂੰ ਦਰਸ਼ਕਾਂ ਵੱਲੋਂ ਤਾੜੀਆਂ ਨਾਲ ਮਨਾਇਆ ਗਿਆ, ਜਦਕਿ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਵੀ ਇਸ ਦੀ ਖੂਬ ਸ਼ਲਾਘਾ ਕੀਤੀ।
ਇਵੈਂਟ ਮੈਨੇਜਰ ਨੂੰ ਤੁਰੰਤ ਕਾਰਵਾਈ ਲਈ ਕਿਹਾ ਗਿਆ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਰਾਹਤ ਰਾਸ਼ੀ ਸਹੀ ਢੰਗ ਨਾਲ ਪਹੁੰਚੇ। ਇਹ ਪਹਿਲੀ ਵਾਰ ਨਹੀਂ ਹੈ ਕਿ ਕਰਨ ਔਜਲਾ ਹੜ੍ਹ ਪੀੜਤਾਂ ਲਈ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਨਗਦ ਰਕਮ ਦੇਣ ਦੇ ਨਾਲ-ਨਾਲ ਕਿਸ਼ਤੀਆਂ, ਰਾਸ਼ਨ, ਫਰਿੱਜ ਅਤੇ ਹੋਰ ਜ਼ਰੂਰੀ ਸਮਾਨ ਵੰਡ ਚੁੱਕੇ ਹਨ।
ਸੋਸ਼ਲ ਮੀਡੀਆ ਰਾਹੀਂ ਔਜਲਾ ਲੋਕਾਂ ਨੂੰ ਅਪੀਲ ਕਰਦੇ ਰਹਿੰਦੇ ਹਨ ਕਿ ਉਹ ਪ੍ਰਭਾਵਿਤ ਪਰਿਵਾਰਾਂ ਲਈ ਖੁੱਲ੍ਹ ਕੇ ਸਹਾਇਤਾ ਕਰਨ। ਇਸ ਸਮੇਂ ਵੀ ਉਨ੍ਹਾਂ ਦੀ ਟੀਮ ਪੰਜਾਬ ਵਿੱਚ ਭੋਜਨ, ਪਾਣੀ ਅਤੇ ਦਵਾਈਆਂ ਵੰਡਣ ਵਿੱਚ ਲੱਗੀ ਹੋਈ ਹੈ। ਹੜ੍ਹਾਂ ਕਾਰਨ ਹਜ਼ਾਰਾਂ ਪਰਿਵਾਰ ਆਪਣਾ ਰੋਜ਼ਗਾਰ ਅਤੇ ਛੱਤ ਗੁਆ ਬੈਠੇ ਹਨ।
ਕਰਨ ਔਜਲਾ ਨੇ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਅਸਲ ਤਬਾਹੀ ਸਾਹਮਣੇ ਆਏਗੀ ਅਤੇ ਉਸ ਵੇਲੇ ਵੀ ਲੋਕਾਂ ਨੂੰ ਲਗਾਤਾਰ ਸਹਾਇਤਾ ਦੀ ਲੋੜ ਰਹੇਗੀ। ਉਨ੍ਹਾਂ ਦਾ ਇਹ ਕਦਮ ਨਾ ਸਿਰਫ਼ ਵਿੱਤੀ ਮਦਦ ਹੈ, ਬਲਕਿ ਹੜ੍ਹ ਪੀੜਤਾਂ ਲਈ ਹੌਸਲੇ ਅਤੇ ਉਮੀਦ ਦੀ ਕਿਰਨ ਵੀ ਹੈ।
Get all latest content delivered to your email a few times a month.