ਤਾਜਾ ਖਬਰਾਂ
ਸਿੰਘ ਸਭਾ ਲਹਿਰ ਦੇ ਮੋਢੀ ਤੇ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਭਾਈ ਦਿੱਤ ਸਿੰਘ ਜੀ ਦੀ 124ਵੀਂ ਬਰਸੀ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਭਾਈ ਸਾਹਿਬ ਦੀ ਯਾਦ 'ਚ ਉਹਨਾਂ ਦੇ ਜੱਦੀ ਪਿੰਡ ਨੰਦਪੁਰ ਕਲੌੜ ਵਿਖੇ ਵਿਸ਼ਾਲ ਯਾਦਗਾਰ ਸਥਾਪਿਤ ਕੀਤੀ ਜਾਵੇਗੀ। ਇਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ।
ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ, ਰਾਗੀਆਂ ਅਤੇ ਕਵੀਆਂ ਨੇ ਭਾਈ ਦਿੱਤ ਸਿੰਘ ਜੀ ਦੇ ਜੀਵਨ 'ਤੇ ਚਾਨਣ ਪਾਇਆ। ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ, ਐਸ.ਜੀ.ਪੀ.ਸੀ. ਮੈਂਬਰ ਅਵਤਾਰ ਸਿੰਘ ਰਿਆ ਅਤੇ ਹੋਰ ਸਿੱਖ ਨੇਤਾਵਾਂ ਨਾਲ਼ ਨਗਰ ਨਿਵਾਸੀਆਂ ਦੀ ਵੱਡੀ ਗਿਣਤੀ ਨੇ ਸ਼ਮੂਲੀਅਤ ਕੀਤੀ।
ਜਥੇਦਾਰ ਗੜਗੱਜ ਨੇ ਗਿਆਨੀ ਦਿੱਤ ਸਿੰਘ ਦੇ ਯੋਗਦਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਸਿੱਖਾਂ ਦਾ ਪਹਿਲਾ ਪੰਜਾਬੀ "ਖਾਲਸਾ ਅਖਬਾਰ" ਜਾਰੀ ਕਰਕੇ ਤੇ ਕਈ ਪੁਸਤਕਾਂ ਰਚ ਕੇ ਪੰਜਾਬੀਅਤ ਦੀ ਸੇਵਾ ਕੀਤੀ। ਇਸੇ ਮੌਕੇ ਉਨ੍ਹਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਲਈ ਕੀਤੀ ਜੁਝਾਰੂ ਲਹਿਰ ਕੌਮ ਦੇ ਹਿਰਦੇ ਵਿੱਚ ਅੱਜ ਵੀ ਜੀਵੰਤ ਹੈ।
ਜਥੇਦਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉਠਾਈ ਅਤੇ ਨਾਲ ਹੀ ਹੜ੍ਹ ਪੀੜਤਾਂ ਦੀ ਮਦਦ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ 'ਤੇ ਪਏ ਹੜ੍ਹਾਂ ਨੂੰ ਕੁਦਰਤੀ ਆਫਤ ਘੋਸ਼ਿਤ ਕਰਕੇ ਖ਼ਾਸ ਰਾਹਤ ਪੈਕੇਜ ਜਾਰੀ ਕੀਤਾ ਜਾਵੇ।
Get all latest content delivered to your email a few times a month.