ਤਾਜਾ ਖਬਰਾਂ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐਸ.ਪੀ. ਸਿੰਘ ਉਬਰਾਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਪੱਟੀ ਹਲਕੇ ਦੇ ਪਿੰਡ ਝੁੱਗੀਆਂ ਨੂਰ ਮੁਹੰਮਦ ‘ਚ ਪਿੰਡ ਵਾਸੀਆਂ ਨਾਲ਼ ਮਿਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਹਮੇਸ਼ਾ ਇਕਜੁੱਟਤਾ ਨਾਲ਼ ਮੁਸ਼ਕਲ ਘੜੀਆਂ ਦਾ ਸਾਹਮਣਾ ਕਰਦਾ ਹੈ। ਟਰੱਸਟ ਵੱਲੋਂ ਲਗਭਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ, ਜਿਹਨਾਂ ‘ਚੋਂ ਹੁਣ ਤੱਕ ਸਾਢੇ ਤਿੰਨ ਸੌ ਟਨ ਵੰਡਿਆ ਜਾ ਚੁੱਕਾ ਹੈ। ਉਬਰਾਏ ਨੇ ਅਪੀਲ ਕੀਤੀ ਕਿ ਚਾਰਾ ਸਿਰਫ਼ ਲੋੜਵੰਦਾਂ ਨੂੰ ਹੀ ਮਿਲੇ, ਨਾ ਕਿ ਇਕੱਠਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜਿਵੇਂ ਪਾਣੀ ਘਟੇਗਾ, ਦਵਾਈਆਂ ਅਤੇ ਘਰਾਂ ਦੀ ਮੁਰੰਮਤ ਸਭ ਤੋਂ ਵੱਡੀ ਲੋੜ ਹੋਵੇਗੀ, ਜਿਸ ਲਈ ਟਰੱਸਟ ਵੱਲੋਂ ਡਾਕਟਰਾਂ ਦੀ ਟੀਮ ਅਤੇ ਦਵਾਈਆਂ ਦੀ ਵੱਡੀ ਸਪਲਾਈ ਤਿਆਰ ਕੀਤੀ ਜਾ ਰਹੀ ਹੈ। 2022 ਦੀ ਤਰ੍ਹਾਂ ਇਸ ਵਾਰੀ ਵੀ ਘਰਾਂ ਦੀ ਮੁਰੰਮਤ ਕਰਵਾਈ ਜਾਵੇਗੀ। ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਯੂਰਪ ਦੇ ਐਨਆਰਆਈਆਂ ਨੇ ਵੀ ਇਸ ਯਤਨ ਵਿੱਚ ਭਾਗੀਦਾਰੀ ਦੀ ਸਹਿਮਤੀ ਦਿੱਤੀ ਹੈ। ਜੇ ਹਰ ਐਨਆਰਆਈ ਇਕ ਘਰ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਕੋਈ ਵੀ ਪਰਿਵਾਰ ਬਿਨਾਂ ਸਹਾਇਤਾ ਤੋਂ ਨਹੀਂ ਰਹੇਗਾ।
ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਅਤੇ ਐਸਐਸਪੀ ਦੀਪਕ ਪਾਰਕ ਨੇ ਡਾ. ਉਬਰਾਏ ਦੀ ਸਹਾਇਤਾ ਯਤਨਾਂ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਮਾਝਾ ਜ਼ੋਨ ਇੰਚਾਰਜ ਪ੍ਰਿੰਸ ਧੁੰਨਾ ਅਤੇ ਹੋਰ ਟਰੱਸਟ ਮੈਂਬਰ ਵੀ ਹਾਜ਼ਰ ਸਨ।
Get all latest content delivered to your email a few times a month.