ਤਾਜਾ ਖਬਰਾਂ
ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਭਾਖੜਾ, ਬਿਆਸ, ਸਤਲੁਜ ਅਤੇ ਘੱਗਰ ਦਰਿਆਵਾਂ ਦੇ ਚੜ੍ਹੇ ਪਾਣੀ ਨੇ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਮਚਾ ਰੱਖੀ ਹੈ। ਪਿੰਡਾਂ ਦੇ ਪਿੰਡ ਪਾਣੀ ਹੇਠ ਹਨ ਅਤੇ ਫਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ। ਇਸੇ ਬਿਪਤਾ ਨੇ ਗੁਰਦਾਸਪੁਰ ਦੇ ਪਿੰਡ ਬਲਗਣ ‘ਚ ਇਕ ਨੌਜਵਾਨ ਕਿਸਾਨ ਦੀ ਜਾਨ ਲੈ ਲਈ।
ਮਿਲੀ ਜਾਣਕਾਰੀ ਮੁਤਾਬਕ, 35 ਸਾਲਾ ਸੰਦੀਪ ਸਿੰਘ ਪਿਛਲੇ ਅੱਠ ਦਿਨ ਤੋਂ ਖੇਤਾਂ ਵਿੱਚ ਖੜ੍ਹੇ ਹੜ੍ਹ ਦੇ ਪਾਣੀ ਨੂੰ ਵੇਖ ਕੇ ਗੰਭੀਰ ਤਣਾਅ ਵਿੱਚ ਸੀ। ਆਪਣੀ ਖੜ੍ਹੀ ਫਸਲ ਨੂੰ ਬਰਬਾਦ ਹੁੰਦਾ ਦੇਖ ਉਹ ਹੌਲੀ-ਹੌਲੀ ਡਿੱਗਦਾ ਗਿਆ ਅਤੇ ਆਖਿਰਕਾਰ ਦਿਲ ਦਾ ਦੌਰਾ ਪੈਣ ਕਾਰਨ ਮੌਕੇ ‘ਤੇ ਹੀ ਮ੍ਰਿਤਕ ਹੋ ਗਿਆ।
ਸੰਦੀਪ ਸਿੰਘ ਦੇ ਪਰਿਵਾਰ ਦੀ ਹਾਲਤ ਵੀ ਕਾਫ਼ੀ ਨਾਜ਼ੁਕ ਹੈ। ਘਰ ਦਾ ਇਕੋ ਕਮਾਉਣ ਵਾਲਾ ਸੰਦੀਪ ਆਪਣੀ ਪਤਨੀ, ਦੋ ਛੋਟੀਆਂ ਧੀਆਂ ਅਤੇ ਬਜ਼ੁਰਗ ਪਿਤਾ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਉਸਦੇ ਕੋਲ ਇਕ ਕਿਲੇ ਜ਼ਮੀਨ ਸੀ, ਜਦਕਿ ਲਗਭਗ ਢਾਈ ਕਿਲੇ ਜ਼ਮੀਨ ਉਸਨੇ ਠੇਕੇ ‘ਤੇ ਲੈ ਕੇ ਖੇਤੀ ਕੀਤੀ ਸੀ। ਹੜ੍ਹ ਕਾਰਨ ਫਸਲ ਮੁੱਕ ਜਾਣ ਅਤੇ ਠੇਕੇ ਦੀ ਰਕਮ ਅਦਾ ਕਰਨ ਦੀ ਚਿੰਤਾ ਉਸ ‘ਤੇ ਭਾਰੀ ਪੈ ਗਈ।
ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਸਮਾਜਸੇਵੀ ਜਥੇਬੰਦੀਆਂ ਤੋਂ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।
Get all latest content delivered to your email a few times a month.