ਤਾਜਾ ਖਬਰਾਂ
ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਲੈ ਕੇ ਮਾਮਲਾ ਲਗਾਤਾਰ ਗੰਭੀਰ ਹੋ ਰਿਹਾ ਹੈ। ਪੁਲਿਸ ਹਿਰਾਸਤ ਤੋਂ ਭੱਜਣ ਤੋਂ ਬਾਅਦ ਹੁਣ ਉਨ੍ਹਾਂ ‘ਤੇ ਹਰਿਆਣਾ ਵਿੱਚ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਹਨ, ਜਿੱਥੇ ਉਹ ਲਗਾਤਾਰ ਵੀਡੀਓ ਜਾਰੀ ਕਰ ਰਹੇ ਸਨ।
ਤਾਜ਼ਾ ਜਾਣਕਾਰੀ ਮੁਤਾਬਕ, ਪਠਾਨਮਾਜਰਾ ਦੀ ਗ੍ਰਿਫ਼ਤਾਰੀ ਲਈ ਹੁਣ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਟੀਮ DSP ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ। ਯਾਦ ਰਹੇ ਕਿ ਪਿਛਲੇ 24 ਘੰਟਿਆਂ ਵਿੱਚ ਇਹ ਵੱਡੀ ਕਾਰਵਾਈ ਉਸ ਘਟਨਾ ਤੋਂ ਬਾਅਦ ਹੋਈ ਹੈ, ਜਦੋਂ ਵਿਧਾਇਕ ਕਰਨਾਲ ਦੇ ਡਬਰੀ ਪਿੰਡ ਤੋਂ ਪੁਲਿਸ ਦੀ ਕਬਜ਼ੇ ਵਿਚੋਂ ਨਿਕਲਣ ਵਿੱਚ ਸਫਲ ਰਹੇ ਸਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਕਰਨਾਲ ਦੇ ਸਦਰ ਥਾਣੇ ਵਿੱਚ ਪਠਾਨਮਾਜਰਾ ਅਤੇ ਗੁਰਨਾਮ ਸਿੰਘ ਲਾਡੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਨਾਂ ‘ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਈ, ਪੁਲਿਸ ਟੀਮ ‘ਤੇ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ।
ਦਰਅਸਲ, ਬੀਤੀ ਸਵੇਰ ਲਗਭਗ 5 ਵਜੇ, CIA ਪੁਲਿਸ ਨੇ ਗੁਰਨਾਮ ਸਿੰਘ ਲਾਡੀ ਦੇ ਘਰ ਛਾਪਾ ਮਾਰ ਕੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰ ਪਿੰਡ ਵਾਸੀਆਂ ਦੀ ਮਦਦ ਨਾਲ ਦੋਵੇਂ ਪੁਲਿਸ ਦੇ ਕਬਜ਼ੇ ਤੋਂ ਨਿਕਲ ਗਏ। ਇਸ ਦੌਰਾਨ ਗੋਲੀਆਂ ਚਲਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ, ਹਾਲਾਂਕਿ ਪੁਲਿਸ ਨੇ ਵਾਪਸੀ ਵਿਚ ਫਾਇਰ ਨਹੀਂ ਕੀਤਾ।
ਦੂਜੇ ਪਾਸੇ, ਪਠਾਨਮਾਜਰਾ ਆਪਣੇ ਵੀਡੀਓ ਸੁਨੇਹਿਆਂ ਵਿੱਚ ਲਗਾਤਾਰ ਕਹਿ ਰਹੇ ਹਨ ਕਿ ਪੁਲਿਸ ਉਨ੍ਹਾਂ ਦਾ ਝੂਠਾ ਐਨਕਾਉਂਟਰ ਕਰ ਸਕਦੀ ਹੈ। ਆਪਣੀ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕਿਸੇ ਨੂੰ ਗੋਲੀ ਨਹੀਂ ਮਾਰੀ, ਸਿਰਫ਼ ਗੱਲਾਂ ਵਿੱਚ ਉਲਝਾ ਕੇ ਉੱਥੋਂ ਨਿਕਲ ਗਏ। ਵਿਧਾਇਕ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਕਿ ਉਨ੍ਹਾਂ ਨੂੰ ਗੈਂਗਸਟਰ ਦਿਖਾ ਕੇ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
Get all latest content delivered to your email a few times a month.