ਤਾਜਾ ਖਬਰਾਂ
ਉੱਤਰੀ ਭਾਰਤ ਦੇ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਹੜ੍ਹਾਂ ਨੇ ਹਾਹਾਕਾਰ ਮਚਾ ਦਿੱਤਾ ਹੈ। ਪੰਜਾਬ ਦੇ ਸਾਰੇ 23 ਜ਼ਿਲ੍ਹੇ ਹਾੜ ਦੀ ਚਪੇਟ ਵਿੱਚ ਆ ਚੁੱਕੇ ਹਨ। ਹਾਲਾਤ ਇੰਨੇ ਭਿਆਨਕ ਹਨ ਕਿ ਮੀਂਹ ਤੇ ਹੜ੍ਹ ਨਾਲ ਜੁੜੇ ਹਾਦਸਿਆਂ ਵਿੱਚ ਹੁਣ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ “ਆਫ਼ਤ ਪ੍ਰਭਾਵਿਤ ਸੂਬਾ” ਐਲਾਨ ਦਿੱਤਾ ਹੈ।
ਮੌਸਮ ਵਿਭਾਗ ਨੇ ਅੱਜ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਪਠਾਨਕੋਟ, ਗੁਰਦਾਸਪੁਰ, ਮੁਕੇਰੀਆਂ, ਜਲੰਧਰ, ਸੁਲਤਾਨਪੁਰ ਲੋਧੀ, ਲੁਧਿਆਣਾ, ਮੋਗਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਦੇ ਕੁਝ ਹਿੱਸਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਤੀ ਰਾਤ ਵੀ ਕਈ ਸ਼ਹਿਰਾਂ ਵਿੱਚ ਤੂਫ਼ਾਨੀ ਬਾਰਿਸ਼ ਪੈਂਦੀ ਰਹੀ, ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ।
ਦਿੱਲੀ ਵਿੱਚ ਵੀ ਯਮੁਨਾ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸ ਕਾਰਨ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਹਨ ਅਤੇ ਲੋਕਾਂ ਨੂੰ ਘਰ ਛੱਡਣ ਪੈ ਰਹੇ ਹਨ। ਇਸ ਸੰਕਟ ‘ਤੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕੇਂਦਰ ਸਰਕਾਰ ਤੋਂ ਖ਼ਾਸ ਰਾਹਤ ਪੈਕੇਜ ਦੀ ਮੰਗ ਕੀਤੀ ਹੈ।
ਪੰਜਾਬ ਦੇ 8 ਜ਼ਿਲ੍ਹਿਆਂ ਦੇ 1300 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਹੜ੍ਹਾਂ ਦੀ ਲਪੇਟ ਵਿੱਚ ਹਨ। ਕਈ ਪਰਿਵਾਰ ਘਰਾਂ ਦੀਆਂ ਛੱਤਾਂ ਉੱਤੇ ਸ਼ਰਨ ਲੈ ਰਹੇ ਹਨ ਜਦਕਿ ਬੇਸ਼ੱਕੀ ਲੋਕ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਖੇਤੀਬਾੜੀ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ — ਲਗਭਗ 2 ਲੱਖ ਏਕੜ ਖੇਤ ਪਾਣੀ ਹੇਠਾਂ ਆ ਚੁੱਕੇ ਹਨ। ਹਿਮਾਚਲ ਤੇ ਜੰਮੂ ਦੇ ਡੈਮਾਂ ਤੋਂ ਛੱਡਿਆ ਪਾਣੀ ਅਤੇ ਪੰਜਾਬ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨੇ ਹਾਲਾਤ ਹੋਰ ਬਦਤਰ ਕਰ ਦਿੱਤੇ ਹਨ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਅਗਸਤ ਮਹੀਨੇ ਵਿੱਚ ਇੰਨੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਵਾਰ 253.7 ਮਿਲੀਮੀਟਰ ਮੀਂਹ ਪਿਆ ਹੈ, ਜਦਕਿ ਆਮ ਤੌਰ ‘ਤੇ ਇਹ ਅੰਕੜਾ 146.2 ਮਿਲੀਮੀਟਰ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਇਸ ਵਾਰ ਆਮ ਨਾਲੋਂ 74 ਫੀਸਦੀ ਵੱਧ ਬਾਰਿਸ਼ ਹੋਈ ਹੈ।
ਵਿਭਾਗ ਨੇ ਮੰਗਲਵਾਰ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ ਕੁਝ ਘੰਟਿਆਂ ਵਿੱਚ ਜਲੰਧਰ, ਪਟਿਆਲਾ, ਸੰਗਰੂਰ, ਮੋਹਾਲੀ, ਚੰਡੀਗੜ੍ਹ, ਗੁਰਦਾਸਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।
Get all latest content delivered to your email a few times a month.