ਤਾਜਾ ਖਬਰਾਂ
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਤੋਂ ਅੰਡਰ ਸੈਕਟਰੀ ਸ਼੍ਰੀ ਵਿਬੋਰ ਅਗਰਵਾਲ ਦੀ ਅਗਵਾਈ ਹੇਠ 5 ਮੈਂਬਰੀ ਟੀਮ ਬਠਿੰਡਾ ਪਹੁੰਚੀ। ਟੀਮ ਨੇ ਵਿਧਾਨ ਸਭਾ ਹਲਕਿਆਂ ਰਾਮਪੁਰਾ ਫੂਲ, ਭੁੱਚੋਂ ਮੰਡੀ ਅਤੇ ਬਠਿੰਡਾ ਸ਼ਹਿਰੀ ਦੇ ਪੋਲਿੰਗ ਸਟੇਸ਼ਨਾਂ ਦਾ ਮੌਕਾ ਮੁਆਇਨਾ ਕਰਦਿਆਂ ਇੱਥੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਟੀਮ ਨੇ ਜਿੱਥੇ ਬੀਐਲਓਜ਼ ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਉੱਥੇ ਹੀ ਪੋਲਿੰਗ ਸਟੇਸ਼ਨਾਂ ‘ਤੇ ਪ੍ਰਦਾਨ ਕੀਤੀਆਂ ਮੁੱਢਲੀਆਂ ਸਹੂਲਤਾਂ ‘ਤੇ ਸੰਤੁਸ਼ਟੀ ਵੀ ਜ਼ਾਹਿਰ ਕੀਤੀ।
ਦੌਰੇ ਤੋਂ ਪਹਿਲਾਂ ਟੀਮ ਨੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿੱਚ ਵੋਟਰ ਸੂਚੀ ਦੀ ਸੁਧਾਈ, ਬੀਐਲਓ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਨਾਲ ਹੀ ਸੰਵਿਧਾਨ ਅਤੇ ਚੋਣ ਨਿਯਮਾਂ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਹੋਈ।
ਬਾਅਦ ਵਿੱਚ, ਚੋਣ ਕਮਿਸ਼ਨ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਬੀਐਲਓਜ਼ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਲਈ ਟ੍ਰੇਨਿੰਗ ਕਰਵਾਈ। ਇਸ ਵਿੱਚ ਵਧੀਕ ਜ਼ਿਲ੍ਹਾ ਚੋਣ ਅਫਸਰ, ਤਹਿਸੀਲਦਾਰ ਚੋਣਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਦੇ ਨਾਲ 07 ਬੀਐਲਓਜ਼ ਅਤੇ ਹਰ ਹਲਕੇ ਤੋਂ 01 ਸੁਪਰਵਾਈਜ਼ਰ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਬੀਐਲਓ ਐਪ ਦੀ ਵਰਤੋਂ, ਡੋਰ-ਟੂ-ਡੋਰ ਸਰਵੇ, ਵੱਖ-ਵੱਖ ਚੋਣ ਫਾਰਮਾਂ (ਫਾਰਮ ਨੰਬਰ 6, 6-ਏ, 7 ਅਤੇ 8) ਦੀ ਅਰਜ਼ੀ ਪ੍ਰਕਿਰਿਆ ਅਤੇ ਉਨ੍ਹਾਂ ਦੀ ਫੀਲਡ ਵੈਰੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬੀਐਲਓਜ਼ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਜ਼ਮੀਨੀ ਪੱਧਰ ‘ਤੇ ਆਉਣ ਵਾਲੀਆਂ ਔਕੜਾਂ ਬਾਰੇ ਵੀ ਦੱਸਿਆ। ਟੀਮ ਨੇ ਤੁਰੰਤ ਹੀ ਉਨ੍ਹਾਂ ਦੇ ਸਵਾਲਾਂ ਦਾ ਹੱਲ ਪੇਸ਼ ਕੀਤਾ। ਨਾਲ ਹੀ ਬੀਐਲਓਜ਼ ਨੂੰ ਸਲਾਹ ਦਿੱਤੀ ਗਈ ਕਿ ਫਾਰਮਾਂ ਦੀ ਸੁਧਾਈ ਅਤੇ ਵੈਰੀਫਿਕੇਸ਼ਨ ਲਈ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੈਂਟਾਂ ਨਾਲ ਸਹਿਯੋਗ ਕੀਤਾ ਜਾਵੇ।
ਇਸ ਮੌਕੇ ਤਹਿਸੀਲਦਾਰ ਚੋਣਾਂ ਮੈਡਮ ਹਰਜਿੰਦਰ ਕੌਰ, ਬੀਐਲਓਜ਼ ਅਤੇ ਸੁਪਰਵਾਈਜ਼ਰ ਵੀ ਹਾਜ਼ਰ ਸਨ।
Get all latest content delivered to your email a few times a month.