IMG-LOGO
ਹੋਮ ਪੰਜਾਬ: ਸਿਹਤ ਵਿਭਾਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਸੇਵਾਵਾਂ...

ਸਿਹਤ ਵਿਭਾਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ

Admin User - Sep 02, 2025 07:03 PM
IMG

ਹਜ਼ਾਰਾਂ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ, 424 ਐਂਬੂਲੈਂਸਾਂ ਕਾਰਜਸ਼ੀਲ ਅਤੇ ਡਾਕਟਰ ਮੋਹਰੀ ਕਤਾਰ ਵਿੱਚ ਤਾਇਨਾਤ

ਚੰਡੀਗੜ੍ਹ, 2 ਸਤੰਬਰ:

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਮੁਹਿੰਮ ਦੀ ਅਗਵਾਈ ਕਰਦਿਆਂ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਲਾਮਬੰਦੀ, ਇਲਾਜ ਅਤੇ ਬਿਮਾਰੀਆਂ ਦੀ ਰੋਕਥਾਮ 'ਤੇ ਕੇਂਦ੍ਰਿਤ ਬਹੁ-ਪੱਖੀ ਰਣਨੀਤੀ ਅਪਣਾਈ ਹੈ। ਇਸ ਵਿੱਚ 818 ਟੀਮਾਂ, ਜਿਨ੍ਹਾਂ ਵਿੱਚ 458 ਰੈਪਿਡ ਰਿਸਪਾਂਸ ਟੀਮਾਂ ਅਤੇ 360 ਮੋਬਾਈਲ ਮੈਡੀਕਲ ਟੀਮਾਂ ਸ਼ਾਮਲ ਹਨ, ਜ਼ਰੂਰੀ ਦਵਾਈਆਂ ਨਾਲ ਪੂਰੀ ਤਰ੍ਹਾਂ ਲੈੱਸ ਹਨ।

ਉਨ੍ਹਾਂ ਦੱਸਿਆ ਕਿ ਸਾਡਾ ਟੀਚਾ ਸੂਬੇ ਦੇ ਹਰੇਕ ਵਿਅਕਤੀ ਤੱਕ ਡਾਕਟਰੀ ਸਹੂਲਤ ਦੇਣਾ ਯਕੀਨੀ ਬਣਾਉਣਾ ਹੈ ਅਤੇ ਅਸੀਂ ਇਸ ਵਾਅਦੇ ਨੂੰ ਪੂਰਾ ਕਰ ਰਹੇ ਹਾਂ। ਉਹਨਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਅਤੇ ਆਸਰਾ ਘਰਾਂ ਵਿੱਚ ਰੋਜ਼ਾਨਾ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨਿਰਵਿਘਨ ਇਲਾਜ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਤੱਕ 962 ਕੈਂਪ ਲਗਾਏ ਗਏ ਹਨ, ਜਿੱਥੇ 31,876 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਅਤੇ ਦਸਤ, ਗੈਸਟਰੋਐਂਟਰਾਈਟਿਸ, ਸ਼ੂਗਰ, ਹਾਈਪਰਟੈਨਸ਼ਨ, ਚਮੜੀ ਅਤੇ ਅੱਖਾਂ ਦੀ ਐਲਰਜੀ, ਅਤੇ ਕੁੱਤਿਆਂ ਦੇ ਕੱਟਣ ਸਮੇਤ ਕਈ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਹੈ। ਸਿਹਤ ਟੀਮਾਂ ਗਰਭਵਤੀ ਔਰਤਾਂ ਦੀ ਮੌਕੇ 'ਤੇ ਹੀ ਜਾਂਚ ਕਰਕੇ ਉਨ੍ਹਾਂ ਨੂੰ ਵੀ ਤਰਜੀਹ ਦੇ ਰਹੀਆਂ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਸੰਕਟ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਪ੍ਰਣਾਲੀ ਹੈ। ਸੂਬੇ ਕੋਲ ਹੜ੍ਹ ਰਾਹਤ ਲਈ ਵਿਸ਼ੇਸ਼ ਤੌਰ 'ਤੇ ਪਹਿਲਾਂ ਤੋਂ ਚੁਣੀਆਂ ਗਈਆਂ 66 ਜ਼ਰੂਰੀ ਦਵਾਈਆਂ ਅਤੇ 21 ਵਸਤਾਂ ਦਾ ਲੋੜੀਂਦਾ ਸਟਾਕ ਉਪਲਬਧ ਹੈ। ਇਸ ਤੋਂ ਇਲਾਵਾ ਜ਼ਿਲ੍ਹਿਆਂ ਨੂੰ ਵੱਖਰੇ ਫੰਡ ਅਲਾਟ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਹਸਪਤਾਲ ਜ਼ਰੂਰੀ ਦਵਾਈਆਂ ਖਰੀਦ ਸਕੇ ਅਤੇ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾ ਸਕੇ।

ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਸਰਗਰਮ ਉਪਾਵਾਂ ਨੂੰ ਉਜਾਗਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤਾਇਨਾਤ 11,103 ਤੋਂ ਵੱਧ ਆਸ਼ਾ ਵਰਕਰ ਘਰ-ਘਰ ਜਾ ਕੇ ਦਵਾਈਆਂ ਵੰਡ ਰਹੀਆਂ ਹਨ ਅਤੇ ਪਾਣੀ ਅਤੇ ਵੈਕਟਰ-ਬੋਰਨ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾ ਰਹੀਆਂ ਹਨ। ਉਹ ਗਰਭਵਤੀ ਔਰਤਾਂ ਦੀ ਨਿਗਰਾਨੀ ਅਤੇ ਦੇਖਭਾਲ ਨੂੰ ਵੀ ਤਰਜੀਹ ਦੇ ਰਹੀਆਂ ਹਨ ਅਤੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਨਿਯਮਤ ਟੀਕਾਕਰਨ ਸਮਾਂ-ਸਾਰਣੀ ਵਿੱਚ ਵਿਘਨ ਨਾ ਪਵੇ।]

ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਿਹਤ ਵਿਭਾਗ ਨੇ 170 ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ। ਇਸ ਬੇੜੇ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.), ਨਰਸਿੰਗ ਕਾਲਜਾਂ ਅਤੇ ਗੈਰ-ਸਰਕਾਰੀ ਸੰਗਠਨਾਂ, ਜਿਨ੍ਹਾਂ ਨੇ 254 ਹੋਰ ਪੂਰੀ ਤਰ੍ਹਾਂ ਲੈਸ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਹਨ, ਦੇ ਸਮਰਥਨ ਨਾਲ ਹੋਰ ਵਧਾਇਆ ਗਿਆ ਹੈ। ਡਾ. ਬਲਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਕੁੱਲ 424 ਐਂਬੂਲੈਂਸਾਂ ਕਾਰਜਸ਼ੀਲ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰੇਕ ਸਮੇਂ ਡਾਕਟਰੀ ਸਹਾਇਤਾ ਉਪਲਬਧ ਹੋਵੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੋ ਵਿਸ਼ੇਸ਼ ਕਿਸ਼ਤੀ ਐਂਬੂਲੈਂਸਾਂ ਅਤੇ ਗਰਭਵਤੀ ਔਰਤਾਂ ਸਮੇਤ ਗੰਭੀਰ ਮਰੀਜ਼ਾਂ ਦੀ ਐਮਰਜੈਂਸੀ ਏਅਰਲਿਫਟ ਲਈ ਇੱਕ ਹੈਲੀਕਾਪਟਰ ਤਾਇਨਾਤ ਹੈ। ਹੁਣ ਤੱਕ ਪੰਜ ਗਰਭਵਤੀ ਔਰਤਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ ਹੈ ਅਤੇ ਸਮੇਂ ਸਿਰ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਗਈ ਹੈ।

ਫਰੰਟ-ਲਾਈਨ ਟੀਮਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਸਿਹਤ ਮੰਤਰੀ ਨੇ ਕਿਹਾ ਕਿ 322 ਨਵੇਂ ਮੈਡੀਕਲ ਅਫਸਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 138 ਨੂੰ ਵਿਸ਼ੇਸ਼ ਤੌਰ 'ਤੇ 7 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਅਫਸਰ ਮੋਬਾਈਲ ਟੀਮਾਂ ਅਤੇ ਐਂਬੂਲੈਂਸ ਸੇਵਾਵਾਂ ਦੀ ਅਗਵਾਈ ਕਰਨਗੇ, ਮੈਡੀਕਲ ਕੈਂਪਾਂ ਦਾ ਪ੍ਰਬੰਧ ਕਰਨਗੇ ਅਤੇ ਸੰਭਾਵੀ ਬਿਮਾਰੀਆਂ ਦੇ ਫੈਲਾਅ ਦੀ ਨਿਗਰਾਨੀ ਕਰਨਗੇ।

ਮੰਤਰੀ ਨੇ ਭਾਈਵਾਲ ਸੰਗਠਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਮਦਦ ਲਈ ਅੱਗੇ ਆਉਣ ਵਾਲੇ ਆਈ.ਐਮ.ਏ. ਪੰਜਾਬ, ਨਰਸਿੰਗ ਕਾਲਜਾਂ, ਨਿੱਜੀ ਹਸਪਤਾਲਾਂ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸਮਰਥਨ ਲਈ ਧੰਨਵਾਦੀ ਹਾਂ। ਇਹ ਭਾਈਵਾਲੀ ਸਮੁੱਚੇ ਭਾਈਚਾਰੇ ਦੇ ਸੰਕਲਪ ਨੂੰ ਦਰਸਾਉਂਦੀ ਹੈ।

ਡਾ. ਬਲਬੀਰ ਸਿੰਘ ਨੇ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਅਣਥੱਕ ਮਿਹਨਤ ਕਰ ਰਹੀ ਹੈ। ਸਾਡੀਆਂ ਟੀਮਾਂ ਨਿਰਵਿਘਨ ਸਿਹਤ ਸੰਭਾਲ ਅਤੇ ਰੋਕਥਾਮ ਸੇਵਾਵਾਂ ਪ੍ਰਦਾਨ ਕਰਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਅਸੀਂ ਹਰ ਨਾਗਰਿਕ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਇਸ ਸੰਕਟ ਦਾ ਪੂਰੀ ਤਰ੍ਹਾਂ ਹੱਲ ਹੋਣ ਤੱਕ ਹਰ ਸੰਭਵ ਰਾਹਤ ਪ੍ਰਦਾਨ ਕਰਦੇ ਰਹਾਂਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.