ਤਾਜਾ ਖਬਰਾਂ
ਪ੍ਰਸਿੱਧ ਲੇਖਕ ਤੇ ਸਾਹਿਤਕਾਰ ਸ. ਦਿਲਜੀਤ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਮੈਂਬਰਾਂ ਤੇ ਸ਼ਹਿਰ ਦੀਆਂ ਸਮਾਜਿਕ-ਧਾਰਮਿਕ ਹਸਤੀਆਂ ਨੇ ਹਾਜ਼ਰੀ ਭਰੀ। ਅੰਤਿਮ ਰਸਮਾਂ ਦੌਰਾਨ ਗੁਰੂ ਸਾਹਿਬ ਦੇ ਨਾਮ ਸਿਮਰਨ ਤੋਂ ਬਾਅਦ ਅਗਨੀ ਰਸਮ ਬਾਬਾ ਬਲਬੀਰ ਸਿੰਘ ਅਤੇ ਪਰਿਵਾਰਕ ਮੈਂਬਰ ਰੁਪਿੰਦਰ ਸਿੰਘ ਬੇਦੀ ਨੇ ਨਿਭਾਈ।
ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ. ਦਿਲਜੀਤ ਸਿੰਘ ਬੇਦੀ ਬੁੱਢਾ ਦਲ ਦੇ ਪ੍ਰੈਸ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਉਨ੍ਹਾਂ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ। ਉਹਨਾਂ ਦੱਸਿਆ ਕਿ ਬੇਦੀ ਜੀ ਨੇ ਲੇਖਕ ਅਤੇ ਸਾਹਿਤਕਾਰ ਵਜੋਂ ਅਮੁੱਲਾ ਯੋਗਦਾਨ ਪਾਇਆ ਹੈ। ਵੱਖ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਉਨ੍ਹਾਂ ਦੇ ਪ੍ਰਕਾਸ਼ਿਤ ਲੇਖ ਸਾਰਿਆਂ ਲਈ ਮਾਰਗਦਰਸ਼ਨ ਰਹੇ ਹਨ, ਜਦਕਿ ਉਹਨਾਂ ਵੱਲੋਂ ਲਿਖੀਆਂ ਇੱਕ ਦਰਜਨ ਤੋਂ ਵੱਧ ਪੁਸਤਕਾਂ ਸਾਹਿਤ ਦਾ ਵੱਡਾ ਖਜ਼ਾਨਾ ਹਨ।
ਬੁੱਢਾ ਦਲ ਵੱਲੋਂ ਘੋਸ਼ਣਾ ਕੀਤੀ ਗਈ ਕਿ ਸ. ਦਿਲਜੀਤ ਸਿੰਘ ਬੇਦੀ ਦੇ ਨਾਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 8 ਸਤੰਬਰ ਨੂੰ ਬਾਬਾ ਫੂਲਾ ਸਿੰਘ ਛਾਉਣੀ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਹੋਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਭੇਜੇ ਪ੍ਰਤੀਨਿਧੀਆਂ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਨਿਹੰਗ ਜਥੇਬੰਦੀਆਂ ਦੀ ਵੱਡੀ ਹਾਜ਼ਰੀ ਰਹੀ ਅਤੇ ਸਾਰਿਆਂ ਵੱਲੋਂ ਬੇਦੀ ਜੀ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ।
Get all latest content delivered to your email a few times a month.