ਤਾਜਾ ਖਬਰਾਂ
ਬਿਰਧ ਆਸ਼ਰਮ ਹੜ ਪੀੜਤ ਬਜ਼ੁਰਗਾਂ ਲਈ ਖੋਲੇ
ਕਿਹਾ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ ਫੰਡ ਦੀ ਨਹੀਂ ਕੋਈ ਘਾਟ, 70 ਲੱਖ ਰੁਪਏ ਦੀ ਰਾਹਤ ਸਮੱਗਰੀ ਫਾਜ਼ਿਲਕਾ ਵਿੱਚ ਵੰਡੀ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੀ ਨਾਲ ਰਹੇ
ਚੰਡੀਗੜ੍ਹ/ਫਾਜ਼ਿਲਕਾ, 31 ਅਗਸਤ –
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਜ਼ਿਲੇ ਦੇ ਪਿੰਡ ਨੂਰ ਸ਼ਾਹ ਨੇੜੇ ਚੰਦ ਭਾਨ ਡਰੇਨ ਦੇ ਕੋਲ ਹੜ ਪ੍ਰਭਾਵਿਤ ਲੋਕਾਂ ਨਾਲ ਮਿਲ ਕੇ ਆਪਣੇ ਹੱਥੀਂ ਰਾਹਤ ਸਮੱਗਰੀ ਵੰਡੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਦੌਰੇ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ ਪੀੜਤਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਹਲਕੇ ਵਿੱਚ ਹੁਣ ਤੱਕ 70 ਲੱਖ ਰੁਪਏ ਤੋਂ ਵੱਧ ਦੀ ਰਾਹਤ ਸਮੱਗਰੀ ਵੰਡ ਚੁੱਕੀ ਹੈ, ਜਿਸ ਵਿੱਚ 4558 ਰਾਸ਼ਨ ਕਿੱਟਾਂ ਅਤੇ 2017 ਬੈਗ ਕੈਟਲ ਫੀਡ ਸ਼ਾਮਲ ਹਨ। ਮਹਿਲਾਵਾਂ ਲਈ ਸੈਨਟਰੀ ਪੈਡ ਅਤੇ ਮੱਛਰਦਾਨੀਆਂ ਦੀ ਵੰਡ ਵੀ ਕੀਤੀ ਗਈ ਹੈ।
ਡਾ. ਬਲਜੀਤ ਕੌਰ ਨੇ ਹੋਰ ਦੱਸਿਆ ਕਿ ਬਿਰਧ ਆਸ਼ਰਮ ਹੜ ਪੀੜਤ ਬਜ਼ੁਰਗਾਂ ਲਈ ਖੋਲ੍ਹੇ ਗਏ ਹਨ ਅਤੇ ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਹਰ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਦਿਵਿਆਂਗ ਜਨਾਂ ਨੂੰ ਖਾਸ ਤਰਜੀਹ ਦੇ ਆਧਾਰ 'ਤੇ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਬਾਰਿਸ਼ ਦਾ ਪਾਣੀ ਘਟਣ ਤੋਂ ਬਾਅਦ ਗਿਰਦਾਵਰੀ ਕਰਵਾ ਕੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ।
ਦੌਰੇ ਤੋਂ ਪਹਿਲਾਂ ਮੰਤਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਹੋਰ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਵਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਰੇ ਮਿਲ ਕੇ ਹੜ ਪੀੜਤਾਂ ਦਾ ਹੌਸਲਾ ਬਣਾਉਣਗੇ। ਪਿੰਡ ਨੂਰ ਸ਼ਾਹ ਦੇ ਦੌਰੇ ਦੌਰਾਨ ਡਾ. ਬਲਜੀਤ ਕੌਰ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਬੰਨ੍ਹ ਕਿਨਾਰੇ ਹੜ ਪੀੜਤ ਲੋਕਾਂ ਦੇ ਨਾਲ ਲੰਗਰ ਛਕਿਆ।
Get all latest content delivered to your email a few times a month.