ਤਾਜਾ ਖਬਰਾਂ
ਪੰਜਾਬ ਨੇ ਹਮੇਸ਼ਾ ਦੇਸ਼ ਲਈ ਦਿੱਤਾ ਯੋਗਦਾਨ, ਕੇਂਦਰ ਹੁਣ ਮੂੰਹ ਮੋੜ ਰਿਹਾ – ਆਮ ਆਦਮੀ ਪਾਰਟੀ
ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਮੁਆਵਜ਼ਾ ਵਧਾਉਣ ਦੀ ਕੀਤੀ ਮੰਗ
ਪੰਜਾਬ ਵਿੱਚ ਆਏ ਹੜਾਂ ਤੋਂ ਬਾਅਦ ਰਾਹਤ ਕਾਰਜਾਂ ਦੇ ਮਸਲੇ 'ਤੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਹਮਲਾ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ, ਸਾਰਾ ਪ੍ਰਸ਼ਾਸਨ ਅਤੇ ਜਥੇਬੰਦੀਆਂ ਹੜ ਪੀੜਤਾਂ ਦੀ ਮਦਦ ਵਿੱਚ ਜੁਟੀਆਂ ਹਨ, ਉੱਥੇ ਕੇਂਦਰ ਸਰਕਾਰ ਹਜੇ ਤੱਕ ਪੂਰੀ ਤਰ੍ਹਾਂ ਚੁੱਪ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਵੱਲੋਂ ਹਜੇ ਤੱਕ ਕੋਈ ਵੀ ਹਮਦਰਦੀ ਭਰਿਆ ਬਿਆਨ ਨਹੀਂ ਆਇਆ।ਅਮਨ ਅਰੋੜਾ ਨੇ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਉਦਾਹਰਨ ਦਿੰਦਿਆਂ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਲਗਭਗ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ, ਐਮ.ਡੀ.ਐਫ. ਅਤੇ ਆਰ.ਡੀ.ਐਫ. ਦੇ 8 ਹਜ਼ਾਰ ਕਰੋੜ ਰੁਪਏ ਅਤੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 828 ਕਰੋੜ ਵੀ ਕੇਂਦਰ ਨੇ ਰੱਦ ਕਰ ਦਿੱਤੇ। ਉਹਨਾਂ ਕਿਹਾ ਕਿ ਇਹ ਪੰਜਾਬ ਨਾਲ "ਮਤਰੇਈ ਮਾਂ ਵਾਲਾ ਸਲੂਕ" ਹੈ। ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਹੜ ਪੀੜਤਾਂ ਲਈ ਵੱਡੇ ਪੈਕੇਜ ਦੀ ਮੰਗ ਕੀਤੀ ਹੈ। ਕੇਂਦਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਬਹੁਤ ਘੱਟ ਹੈ – ਖੇਤੀਬਾੜੀ ਲਈ 6,800 ਰੁਪਏ ਪ੍ਰਤੀ ਏਕੜ, ਜੋ "ਉੱਠ ਦੇ ਮੂੰਹ ਵਿੱਚ ਜੀਰੇ" ਦੇ ਬਰਾਬਰ ਹੈ। ਉਹਨਾਂ ਮੰਗ ਕੀਤੀ ਕਿ ਇਹ ਮੁਆਵਜ਼ਾ ਘੱਟੋ-ਘੱਟ ਤਿੰਨ ਗੁਣਾ ਕੀਤਾ ਜਾਵੇ, ਜਦੋਂ ਕਿ ਮਰਨ ਵਾਲਿਆਂ ਲਈ ਦਿੱਤਾ ਜਾਣ ਵਾਲਾ 4 ਲੱਖ ਰੁਪਏ ਦਾ ਮੁਆਵਜ਼ਾ ਵੀ ਵਧਾਇਆ ਜਾਵੇ। ਘਰਾਂ ਅਤੇ ਜਾਇਦਾਦਾਂ ਦੇ ਨੁਕਸਾਨ ਲਈ ਵੀ ਵਧੇਰੇ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਹਜ਼ਾਰ ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਹਨ ਅਤੇ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਲੋਕਾਂ ਦੇ ਘਰ, ਪਸ਼ੂ ਅਤੇ ਰੋਜ਼ਗਾਰ ਖਤਰੇ ਵਿੱਚ ਹਨ। ਹੜ ਕਾਰਨ ਹੋਣ ਵਾਲੀਆਂ ਨਵੀਆਂ ਬਿਮਾਰੀਆਂ ਲਈ ਵੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਇੰਤਜ਼ਾਮ ਕਰ ਲਏ ਹਨ। ਅਮਨ ਅਰੋੜਾ ਨੇ ਸਪਸ਼ਟ ਕੀਤਾ ਕਿ ਜੇ ਕੇਂਦਰ ਮਦਦ ਨਹੀਂ ਕਰਦਾ ਤਾਂ ਵੀ ਪੰਜਾਬ ਸਰਕਾਰ ਕੋਲ ਰਾਹਤ ਕਾਰਜਾਂ ਲਈ ਪੂਰੇ ਪੈਸੇ ਮੌਜੂਦ ਹਨ ਅਤੇ ਹਰ ਪ੍ਰਭਾਵਿਤ ਪਰਿਵਾਰ ਦੀ ਮਦਦ ਕੀਤੀ ਜਾਵੇਗੀ।
ਅੰਤ ਵਿੱਚ ਉਹਨਾਂ ਭਾਜਪਾ ਦੇ ਸੂਬਾ ਆਗੂਆਂ ਨੂੰ ਸਲਾਹ ਦਿੱਤੀ ਕਿ ਸਿਰਫ ਬਿਆਨਬਾਜ਼ੀ ਅਤੇ ਫੋਟੋਸ਼ੂਟ ਨਾਲ ਕੰਮ ਨਹੀਂ ਚੱਲਣਾ। ਕੇਂਦਰ ਸਰਕਾਰ ਨੂੰ ਕਹੋ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਅਤੇ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਉਹ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਵੇ ।
Get all latest content delivered to your email a few times a month.