ਤਾਜਾ ਖਬਰਾਂ
ਅਜਨਾਲਾ- ਮਾਂਝੇ ਦੀ ਧਰਤੀ ਆਪਣੇ ਬਹਾਦਰ ਲੋਕਾਂ ਲਈ ਮਸ਼ਹੂਰ ਰਹੀ ਹੈ ਅਤੇ ਇਸ ਵੇਲੇ ਅਜਨਾਲਾ ਇਲਾਕਾ ਹੜ੍ਹ ਦੀ ਭਿਆਨਕ ਮਾਰ ਹੇਠ ਹੈ। ਇੱਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਰਾਤ-ਦਿਨ ਬਿਨਾ ਥੱਕੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੀ ਹਨ। ਉਹਨਾਂ ਦੇ ਨਾਲ ਜ਼ਿਲ੍ਹੇ ਦੇ ਨੌਜਵਾਨ ਪੁਲਿਸ ਮੁਖੀ ਐਸ.ਐਸ.ਪੀ. ਮਨਿੰਦਰ ਸਿੰਘ ਵੀ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਦੋਵੇਂ ਅਧਿਕਾਰੀ ਆਪਣੀਆਂ ਟੀਮਾਂ ਦੇ ਨਾਲ ਖੁਦ ਪਾਣੀ ਵਿੱਚ ਉਤਰ ਕੇ ਲੋਕਾਂ ਤੱਕ ਸਹਾਇਤਾ ਪਹੁੰਚਾ ਰਹੇ ਹਨ। ਡੀਸੀ ਸਾਕਸ਼ੀ ਸਾਹਨੀ ਦੀ ਹਮਦਰਦੀ, ਅਪਣਤ ਅਤੇ ਸੇਵਾਵਾਂ ਨੇ ਪਿੰਡ ਵਾਸੀਆਂ ਦੇ ਦਿਲ ਜਿੱਤ ਲਏ ਹਨ। ਵੱਡੀ ਉਮਰ ਦੇ ਲੋਕ ਉਹਨਾਂ ਨੂੰ ਆਪਣੀ ਧੀ ਵਾਂਗੁ ਮੰਨਦੇ ਹਨ, ਜਦਕਿ ਨੌਜਵਾਨ ਉਹਨਾਂ ਨੂੰ ਆਪਣੀ ਭੈਣ ਵਾਂਗ ਪਿਆਰ ਅਤੇ ਸਤਿਕਾਰ ਦੇ ਰਹੇ ਹਨ। ਲੋਕ ਉਹਨਾਂ ਦੀ ਮਿਹਨਤ ਅਤੇ ਬੇਲੌਸ ਸੇਵਾ ਦੀ ਪ੍ਰਸ਼ੰਸਾ ਕਰ ਰਹੇ ਹਨ। ਇਸਦਾ ਇੱਕ ਜੀਵੰਤ ਦ੍ਰਿਸ਼ ਅਜਨਾਲਾ ਦੇ ਪਿੰਡ ਵਿੱਚ ਬਣੀ ਇੱਕ ਵੀਡੀਓ ਵਿੱਚ ਵੇਖਣ ਨੂੰ ਮਿਲਿਆ। ਵੀਡੀਓ ਵਿੱਚ ਡੀਸੀ ਸਾਕਸ਼ੀ ਸਾਹਨੀ ਪਾਣੀ ਵਿੱਚ ਘਿਰੇ ਇਕ ਸਰਦਾਰ ਜੀ ਨੂੰ ਸੁਰੱਖਿਅਤ ਥਾਂ ’ਤੇ ਜਾਣ ਲਈ ਕਹਿ ਰਹੀ ਹੈ, ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੇ ਹੋਏ ਉਨ੍ਹਾਂ ਨੂੰ ਆਪਣੇ ਘਰ ਲੈ ਗਏ। ਉੱਥੇ ਪਰਿਵਾਰ ਨਾਲ ਮਿਲਾ ਕੇ ਉਹਨਾਂ ਨੇ ਡੀਸੀ ਦੀ ਹੌਂਸਲਾ-ਅਫਜ਼ਾਈ ਕੀਤੀ। ਇਹ ਦ੍ਰਿਸ਼ ਨਾ ਸਿਰਫ਼ ਮਾਝੇ ਦੇ ਲੋਕਾਂ ਦੇ ਹੌਸਲੇ ਦੀ ਨਿਸ਼ਾਨੀ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਤੇ ਲੋਕ ਮਿਲ ਕੇ ਹੜ੍ਹ ਦੀ ਇਸ ਆਫ਼ਤ ਨਾਲ ਹਿੰਮਤ ਨਾਲ ਲੜ ਰਹੇ ਹਨ। ਲੋਕਾਂ ਨੇ ਡੀਸੀ ਨੂੰ “ਅੰਮ੍ਰਿਤਸਰ ਦੀ ਧੀ ਰਾਣੀ” ਕਹਿ ਕੇ ਸਨਮਾਨਿਤ ਕੀਤਾ ਹੈ, ਜੋ ਕਿ ਲੋਕ-ਸੇਵਾ ਪ੍ਰਤੀ ਉਹਨਾਂ ਦੀ ਲਗਨ ਦਾ ਸਭ ਤੋਂ ਵੱਡਾ ਸਬੂਤ ਹੈ।
Get all latest content delivered to your email a few times a month.