ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਅੰਦਰ ਮੌਜੂਦਾ ਹੜ੍ਹ ਪ੍ਰਤੀ ਗੰਭੀਰ ਚਿੰਤਾ ਜਤਾਉਂਦੇ ਹੋਏ ਸਮੂਹ ਪੰਜਾਬੀਆਂ ਖ਼ਾਸਕਰ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਹੜ੍ਹ ਪੀੜਤ ਪਰਿਵਾਰ ਛੱਤ ਤੋਂ ਬਿਨਾਂ ਜਾਂ ਭੁੱਖਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਨਾਲ ਨਾਲ ਪਸ਼ੂਆਂ ਅਤੇ ਖੇਤੀਬਾੜੀ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਹੜ੍ਹ ਪੀੜਤਾਂ ਨੂੰ ਨਾ ਸਿਰਫ਼ ਇਸ ਸਮੇਂ, ਸਗੋਂ ਪਾਣੀ ਘਟਣ ਤੋਂ ਬਾਅਦ ਵੀ ਵੱਡੇ ਪੱਧਰ 'ਤੇ ਮਦਦ ਦੀ ਲੋੜ ਹੋਵੇਗੀ।
ਜਥੇਦਾਰ ਗੜਗੱਜ ਨੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੇਵਾਵਾਂ ਮੁਸ਼ਕਲਾਂ ਪੂਰੀਆਂ ਹੋਣ ਤੱਕ ਜਾਰੀ ਰਹਿਣੀਆਂ ਚਾਹੀਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਭਾਈਚਾਰਾ ਪਹਿਲਾਂ ਵੀ ਇਤਫ਼ਾਕ ਅਤੇ ਪ੍ਰੇਮ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਦਾ ਆਇਆ ਹੈ ਅਤੇ ਇਸ ਵਾਰ ਵੀ ਹੜ੍ਹਾਂ ਦੀ ਇਸ ਭਿਆਨਕ ਸਥਿਤੀ ਤੋਂ ਇਕੱਠਿਆਂ ਬਾਹਰ ਨਿਕਲਿਆ ਜਾਵੇਗਾ।
ਇਸ ਤੋਂ ਇਲਾਵਾ, ਉਨ੍ਹਾਂ ਨੇ ਸਰਕਾਰ ਅਤੇ ਵਿਭਾਗਾਂ ਨੂੰ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਪੰਜਾਬ ਵਿੱਚ ਵਾਰ-ਵਾਰ ਆਉਣ ਵਾਲੇ ਹੜ੍ਹਾਂ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਅਤੇ ਆਉਣ ਵਾਲੇ ਸਮੇਂ ਲਈ ਪੱਕੇ ਸੁਰੱਖਿਆ ਪ੍ਰਬੰਧ ਕੀਤੇ ਜਾਣ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਤ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਦੀ ਮੇਹਰ ਨਾਲ ਪੰਜਾਬ ਇਸ ਕੁਦਰਤੀ ਆਫ਼ਤ ਤੋਂ ਜਲਦੀ ਬਾਹਰ ਨਿਕਲੇ ਅਤੇ ਲੋਕਾਂ ਦੀ ਜ਼ਿੰਦਗੀ ਮੁੜ ਖੁਸ਼ਹਾਲ ਹੋਵੇ।
Get all latest content delivered to your email a few times a month.