ਤਾਜਾ ਖਬਰਾਂ
ਡੇਰਾਬੱਸੀ ਦੇ ਨੇੜੇ ਝਰਮਲ ਨਦੀ ਵਿੱਚ ਰੁੜੇ ਇੱਕ ਬਜੁਰਗ ਦੀ ਲਾਸ਼ ਅੰਤ ਵਿੱਚ ਉਸਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਖੁਦ ਹੀ ਨਦੀ ਵਿੱਚੋਂ ਬਾਹਰ ਕੱਢੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਸਵੇਰੇ ਜਨਕ ਰਾਜ ਨਾਂਕ ਬਜੁਰਗ ਆਪਣੇ ਰੇਹੜੇ ਤੇ ਬਲਦ ਲੈ ਕੇ ਘਾਹ ਕੱਟਣ ਖੇਤਾਂ ਵੱਲ ਗਿਆ ਸੀ। ਉਸ ਵੇਲੇ ਨਦੀ ਸੁੱਕੀ ਸੀ, ਪਰ ਵਾਪਸੀ ’ਤੇ ਅਚਾਨਕ ਪਾਣੀ ਆ ਗਿਆ ਜਿਸ ਨਾਲ ਉਹ ਵਹਿ ਗਿਆ।
ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਗਈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਰੀ ਰਾਤ ਪਰਿਵਾਰ ਵਾਲੇ ਖੁਦ ਹੀ ਨਦੀ ਵਿੱਚ ਬਜੁਰਗ ਨੂੰ ਲੱਭਦੇ ਰਹੇ ਅਤੇ ਅਗਲੇ ਸਵੇਰੇ ਅੱਧਾ ਕਿਲੋਮੀਟਰ ਦੂਰੋਂ ਉਸਦੀ ਲਾਸ਼ ਮਿਲੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਰੋਸ ਫੈਲ ਗਿਆ ਅਤੇ ਲੋਕਾਂ ਨੇ ਪ੍ਰਸ਼ਾਸਨ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ।
ਇਸ ਦਰਮਿਆਨ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਜੇ ਪਾਣੀ ਛੱਡਣ ਤੋਂ ਪਹਿਲਾਂ ਅਲਾਨ ਕੀਤਾ ਜਾਂਦਾ ਤਾਂ ਜਨਕ ਰਾਜ ਦੀ ਜਾਨ ਬਚ ਸਕਦੀ ਸੀ। ਸ਼ਰਮਾ ਨੇ ਦਾਅਵਾ ਕੀਤਾ ਕਿ ਨਾ ਤਾਂ ਐਨਡੀਆਰਐਫ ਨੂੰ ਬੁਲਾਇਆ ਗਿਆ, ਨਾ ਹੀ ਗੋਤਾਖੋਰ ਤੈਨਾਤ ਕੀਤੇ ਗਏ। ਇੱਥੋਂ ਤੱਕ ਕਿ ਐਬੂਲੈਂਸ ਵੀ ਸਮੇਂ ਉੱਤੇ ਨਹੀਂ ਪਹੁੰਚੀ ਤੇ ਲਾਸ਼ ਨੂੰ ਉਹ ਖੁਦ ਆਪਣੀ ਗੱਡੀ ਵਿੱਚ ਹਸਪਤਾਲ ਲੈ ਗਏ।
ਉਨ੍ਹਾਂ ਮ੍ਰਿਤਕ ਪਰਿਵਾਰ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਦੂਜੇ ਪਾਸੇ ਐਮਐਮਓ ਲਾਲੜੂ ਡਾ. ਨਵੀਨ ਕੌਸ਼ਿਕ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਆਪਣੀ ਐਬੂਲੈਂਸ ਨਹੀਂ ਹੈ ਅਤੇ 108 ਸੇਵਾ ਨਾਲ ਹੀ ਮੰਗਵਾਉਣੀ ਪੈਂਦੀ ਹੈ। ਹਾਲਾਂਕਿ ਉਸ ਸਮੇਂ 108 ਦੀ ਐਬੂਲੈਂਸ ਮੁਰੰਮਤ ਲਈ ਗਈ ਹੋਈ ਸੀ, ਜਿਸ ਕਾਰਨ ਦੇਰੀ ਹੋਈ।
ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਤੇ ਦੁਪਹਿਰ ਨੂੰ ਪਿੰਡ ਦੇ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Get all latest content delivered to your email a few times a month.