ਤਾਜਾ ਖਬਰਾਂ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ ਨੇ ਅੱਜ ਪੌਂਗ ਡੈਮ ਅਤੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਿਨਹਾ ਨੇ ਸਭ ਤੋਂ ਪਹਿਲਾਂ ਪੌਂਗ ਡੈਮ ਦਾ ਨਿਰੀਖਣ ਕਰਦੇ ਹੋਏ ਡੈਮ ਦੇ ਪਾਣੀ ਦੇ ਪੱਧਰ ਅਤੇ ਡਿਸਚਾਰਜ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਡੈਮ ਵਿਚੋਂ ਪਾਣੀ ਛੱਡਣ ਦੀ ਕਾਰਵਾਈ ਤਕਨੀਕੀ ਮਾਪਦੰਡਾਂ ਦੇ ਅਧਾਰ ‘ਤੇ ਹੋਵੇ, ਤਾਂ ਜੋ ਹੇਠਲੇ ਖੇਤਰਾਂ ਦੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਪਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਥਿਤੀ ‘ਤੇ 24 ਘੰਟੇ ਨਿਗਰਾਨੀ ਜਾਰੀ ਰਹੇ।
ਇਸ ਤੋਂ ਬਾਅਦ ਮੁੱਖ ਸਕੱਤਰ ਨੇ ਮੁਕੇਰੀਆਂ ਸਬ-ਡਵੀਜ਼ਨ ਦੇ ਪਿੰਡ ਹਲੇੜ ਅਤੇ ਮੋਤਲਾ ਵਿਚਕਾਰ ਬਣੇ ਧੁੱਸੀ ਬੰਨ੍ਹ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਿਨਹਾ ਨੇ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਉਨ੍ਹਾਂ ਤੱਕ ਪਹੁੰਚਾਏਗੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਵਿਆਪਕ ਪੱਧਰ ‘ਤੇ ਜਾਰੀ ਹਨ। ਪ੍ਰਭਾਵਿਤ ਲੋਕਾਂ ਨੂੰ ਰੈੱਡ ਕਰਾਸ ਅਤੇ ਸਮਾਜਿਕ ਸੰਗਠਨਾਂ ਦੀ ਸਹਾਇਤਾ ਨਾਲ ਭੋਜਨ, ਦਵਾਈਆਂ, ਡਾਕਟਰੀ ਸੇਵਾਵਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ 24 ਘੰਟੇ ਡਿਊਟੀ ‘ਤੇ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਰਾਹਤ ਸਮੱਗਰੀ ਦੀ ਘਾਟ ਨਾ ਪਵੇ।
ਇਸ ਦੌਰੇ ਦੌਰਾਨ ਮੁੱਖ ਇੰਜੀਨੀਅਰ ਬਿਆਸ ਰਾਕੇਸ਼ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਐਸ.ਪੀ. ਡਾ. ਮੁਕੇਸ਼, ਐਸ.ਡੀ.ਐਮ. ਅੰਕੁਰ ਮਹਿੰਦਰੂ, ਸੁਪਰਡੈਂਟ ਇੰਜੀਨੀਅਰ ਮਨਮੀਤ ਚੌਧਰੀ, ਵਧੀਕ ਐਸ.ਈ. ਏ.ਪੀ.ਐਸ. ਉੱਭੀ, ਕਾਰਜਕਾਰੀ ਇੰਜੀਨੀਅਰ ਗੌਰਵ ਲਾਂਬਾ, ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।
Get all latest content delivered to your email a few times a month.