ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੂੰ 1 ਸਤੰਬਰ ਸਵੇਰੇ 10 ਵਜੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਤਲਬ ਕੀਤਾ ਹੈ। ਇਹ ਕਾਰਵਾਈ ਸ੍ਰੀਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਹੋਈ ਮਰਿਆਦਾ ਉਲੰਘਣਾ ਮਾਮਲੇ ਸਬੰਧੀ ਕੀਤੀ ਗਈ ਹੈ। ਇਸ ਲਈ ਅੱਜ ਸਕੱਤਰੇਤ ਵੱਲੋਂ ਡਾਇਰੈਕਟਰ ਨੂੰ ਆਧਿਕਾਰਕ ਪੱਤਰ ਭੇਜਿਆ ਗਿਆ ਹੈ।
ਦੱਸ ਦੇਈਏ ਕਿ 24 ਜੁਲਾਈ ਨੂੰ ਸ੍ਰੀਨਗਰ ਦੇ ਟੈਗੋਰ ਹਾਲ ਵਿੱਚ ਭਾਸ਼ਾ ਵਿਭਾਗ ਵੱਲੋਂ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਗੁਰੂ ਸਾਹਿਬ ਦੀ ਸ਼ਹੀਦੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਬਜਾਏ ਸਟੇਜ ’ਤੇ ਨਾਚ-ਗਾਣੇ ਦੀਆਂ ਗਤੀਵਿਧੀਆਂ ਹੋਈਆਂ, ਜਿਸ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ। ਵਾਇਰਲ ਵੀਡੀਓ ਵਿੱਚ ਗਾਇਕ ਬੀਰ ਸਿੰਘ ਸਮੇਤ ਕੁਝ ਲੋਕਾਂ ਨੂੰ ਨੱਚਦੇ ਹੋਏ ਵੀ ਦੇਖਿਆ ਗਿਆ, ਜਿਸ ਉੱਤੇ ਵੱਡੀ ਨਾਰਾਜ਼ਗੀ ਸਾਹਮਣੇ ਆਈ ਸੀ।
ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਤਨਖਾਹ ਲਗ ਚੁੱਕੀ ਹੈ ਅਤੇ ਉਹ ਖਿਮਾ ਯਾਚਨਾ ਕਰ ਚੁੱਕੇ ਹਨ। ਗਾਇਕ ਬੀਰ ਸਿੰਘ ਨੇ ਵੀ ਅਕਾਲ ਤਖ਼ਤ ਸਾਹਿਬ ਅੱਗੇ ਮਾਫ਼ੀ ਦੀ ਅਰਦਾਸ ਕੀਤੀ ਹੈ। ਹੁਣ ਜਸਵੰਤ ਸਿੰਘ ਜ਼ਫ਼ਰ ਨੂੰ ਵੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
Get all latest content delivered to your email a few times a month.