ਤਾਜਾ ਖਬਰਾਂ
ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ 800 ਘਰਾਂ ਵਿੱਚੋਂ ਹੁਣ ਤੱਕ 250 ਪਰਿਵਾਰਾਂ ਦੇ ਕਰੀਬ 1200 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਉਹ ਅੱਜ ਪਿੰਡ ਕੰਮੇਵਾਲ ਅਤੇ ਬਾਗੂਵਾਲ ਵਿਖੇ ਹੜ੍ਹ ਪੀੜਤਾਂ ਨਾਲ ਮਿਲਣ ਅਤੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ।
ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 15 ਕਿਸ਼ਤੀਆਂ ਰਾਹੀਂ ਸਮੇਂ ਸਿਰ ਲੋਕਾਂ ਨੂੰ ਖਾਣਾ, ਸਾਫ਼ ਪਾਣੀ, ਦਵਾਈਆਂ ਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਪਰਿਵਾਰ ਆਪਣੇ ਘਰਾਂ ਨੂੰ ਛੱਡਣ ਤੋਂ ਹਿਚਕਿਚਾ ਰਹੇ ਹਨ, ਪਰ ਸਰਕਾਰ ਲਗਾਤਾਰ ਅਪੀਲ ਕਰ ਰਹੀ ਹੈ ਕਿ ਲੋਕ ਬਣਾਏ ਗਏ ਰਾਹਤ ਕੈਂਪਾਂ ਵਿੱਚ ਪਹੁੰਚਣ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੇ ਰਹਿਣ, ਖਾਣ-ਪੀਣ ਅਤੇ ਪਸ਼ੂਆਂ ਦੀ ਸੰਭਾਲ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।
ਮੰਤਰੀ ਮੁੰਡੀਆਂ ਨੇ ਪਿੰਡਾਂ ਦੀਆਂ ਬਜ਼ੁਰਗ ਬੀਬੀਆਂ ਨਾਲ ਮਿਲ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਉਹਨਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੀਬੀਆਂ ਨੇ ਵੀ ਸਰਕਾਰ ਦੇ ਜ਼ਮੀਨੀ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਲੋਕਾਂ ਨੇ ਮੰਗ ਕੀਤੀ ਕਿ ਹੜ੍ਹ ਤੋਂ ਬਾਅਦ ਖੇਤੀਬਾੜੀ ਦੀ ਮੁੜ ਸ਼ੁਰੂਆਤ ਲਈ ਬੀਜ ਤੇ ਖਾਦਾਂ ਮੁਹੱਈਆ ਕਰਵਾਈਆਂ ਜਾਣ, ਜਿਸ ਲਈ ਮੰਤਰੀ ਵਲੋਂ ਡਿਪਟੀ ਕਮਿਸ਼ਨਰ ਨੂੰ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ, ਐਸ.ਡੀ.ਐਮ. ਮੇਜਰ ਇਰਵਿਨ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Get all latest content delivered to your email a few times a month.