ਤਾਜਾ ਖਬਰਾਂ
ਹਲਕਾ ਬਲਾਚੌਰ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਰਾਜਨੀਤਕ ਚੋਟ ਲੱਗੀ ਹੈ। ਗੁੱਜਰ ਭਾਈਚਾਰੇ ਦੇ ਪ੍ਰਮੁੱਖ ਚਿਹਰੇ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵੱਡੇ ਆਗੂ ਅਮਿਤ ਕੁਮਾਰ ਸੇਠੀ ਨੇ ਅੱਜ ਆਪਣੇ ਸੈਂਕੜਿਆਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲਈ। ਸੇਠੀ ਦੀ ਸ਼ਮੂਲੀਅਤ ਨਾਲ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਅਕਾਲੀ ਦਲ ਨੂੰ ਗੁੱਜਰ ਬਰਾਦਰੀ ਵੱਲੋਂ ਵੱਡੀ ਤਾਕਤ ਮਿਲੀ ਹੈ।
ਇਹ ਸ਼ਮੂਲੀਅਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਕਨੂੰਨ-ਵਿਵਸਥਾ ਦੀ ਹਾਲਤ ਨਾਜ਼ੁਕ ਹੈ ਅਤੇ ਹੜ੍ਹਾਂ ਦੌਰਾਨ ਸਰਕਾਰ ਦੀ ਨਾਕਾਮੀ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ ਅਕਾਲੀ ਦਲ ਤੋਂ ਹੀ ਆਪਣੀਆਂ ਉਮੀਦਾਂ ਜੋੜੇ ਹੋਏ ਹਨ।
ਅਮਿਤ ਕੁਮਾਰ ਸੇਠੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਖ਼ੁਸ਼ ਨਹੀਂ ਸਨ ਅਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੀਤੀਗਤ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹਨ।
ਇਸ ਮੌਕੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕਾਂ ਨੂੰ ਪੰਥ ਦੇ ਝੰਡੇ ਹੇਠ ਇਕੱਠਾ ਹੋਣ ਦਾ ਸੰਦੇਸ਼ ਦਿੱਤਾ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 15 ਲੱਖ ਦੇ ਲਗਭਗ ਮੈਂਬਰਸ਼ਿਪ ਮੁਹਿੰਮ ਨਾਲ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕੀਤਾ ਗਿਆ ਹੈ। ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਲਈ ਰਾਜ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਜ਼ਿੰਮੇਵਾਰ ਦੱਸਿਆ।
ਇਸ ਮੌਕੇ ਐਸਜੀਪੀਸੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਸਮੇਤ ਕਈ ਪ੍ਰਮੁੱਖ ਆਗੂ ਜਿਵੇਂ ਕਿ ਸੁਰਜੀਤ ਸਿੰਘ ਦੁਬਾਲੀ, ਗੁਰਚਰਨ ਸਿੰਘ ਉਲਦਾਨੀ, ਐਡਵੋਕੇਟ ਲਲਿਤ, ਨਿਰਮਲ ਮੰਨੇਵਾਲ, ਹਰਮਰਿੰਦਰ ਸਿੰਘ ਰਿੰਕੂ ਚਾਂਦਪੁਰੀ, ਸੋਹਣ ਸਿੰਘ ਰੌੜੀ, ਭੁਪਿੰਦਰ ਸਿੰਘ ਸਿੰਬਲ ਮਾਜਰਾ, ਰੇਸ਼ਮ ਸਿੰਘ, ਜਗਦੀਸ਼ ਸਿੰਘ ਸਹੂੰਗੜਾ, ਰਾਜੀਵ ਚਾਂਦਪੁਰ ਰੁੜਕੀ ਆਦਿ ਵੀ ਹਾਜ਼ਰ ਰਹੇ।
Get all latest content delivered to your email a few times a month.