ਤਾਜਾ ਖਬਰਾਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਰਚੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਮਿੱਟੀ ਵਿੱਚ ਦੱਬਣ ਦੀ ਘਟਨਾ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਤੇ ਇਤਰਾਜ਼ਾਂ ਤੋਂ ਬਾਅਦ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਕੋਸ਼ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਵਿੱਚ ਗਲਤੀ ਅਤੇ ਲਾਪਰਵਾਹੀ ਸਾਬਤ ਹੋਣ ‘ਤੇ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਦੇ ਇੰਚਾਰਜ ਡਾ. ਹਰਿੰਦਰ ਪਾਲ ਸਿੰਘ ਕਾਲੜਾ ਅਤੇ ਵਣ-ਤ੍ਰਿਣ ਜੀਵ ਜੰਤੂ ਸੰਤੁਲਨ ਵਿਭਾਗ ਦੇ ਡਾਇਰੈਕਟਰ ਮਹਿੰਦਰ ਭਾਰਤੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸੇ ਨਾਲ ਹੀ, ਥਾਣਾ ਅਰਬਨ ਸਟੇਟ ਪੁਲਿਸ ਨੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਕਾਲੜਾ ਸਮੇਤ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਧਾਰਾ 298 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਕੇਸ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ।
ਦੱਸਣਯੋਗ ਹੈ ਕਿ ਪਹਿਲਾਂ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਛਪਾਈਆਂ ਕਾਪੀਆਂ ਵਿੱਚ ਗਲਤੀਆਂ ਨਿਕਲਣ ਕਾਰਨ ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਸੰਗਠਨਾਂ ਨੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਇੱਕ ਕਮੇਟੀ ਨੇ ਇਸਨੂੰ ਨਸ਼ਟ ਕਰਨ ਦੀ ਸਿਫਾਰਸ਼ ਕੀਤੀ ਸੀ। ਪਰ ਯੂਨੀਵਰਸਿਟੀ ਵਲੋਂ ਕਾਪੀਆਂ ਨੂੰ ਮਰਿਆਦਾ ਨਾਲ ਸੰਭਾਲਣ ਦੀ ਬਜਾਏ ਬਾਗਬਾਨੀ ਵਿਭਾਗ ਵਿੱਚ ਟੋਏ ਪਾ ਕੇ ਮਿੱਟੀ ਵਿੱਚ ਦੱਬਣ ਦੀ ਕਾਰਵਾਈ ਕੀਤੀ ਗਈ।
ਇਸ ਘਟਨਾ ਨੂੰ ਵਿਦਿਆਰਥੀ ਸੰਗਠਨਾਂ ਨੇ ਗੰਭੀਰ ਬੇਅਦਬੀ ਦੱਸਦੇ ਹੋਏ ਵੱਡਾ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਕਈ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ। ਮਾਮਲਾ ਹੁਣ ਹੋਰ ਗੰਭੀਰ ਹੋ ਗਿਆ ਹੈ ਕਿਉਂਕਿ ਯੂਨੀਵਰਸਿਟੀ ਦੇ ਸਭ ਤੋਂ ਉੱਚੇ ਅਹੁਦਿਆਂ ‘ਤੇ ਬੈਠੇ ਅਧਿਕਾਰੀ ਵੀ ਇਸ ‘ਚ ਘਿਰ ਗਏ ਹਨ।
Get all latest content delivered to your email a few times a month.