ਤਾਜਾ ਖਬਰਾਂ
ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਹੜ੍ਹਾਂ ਕਾਰਨ ਪੈਦਾ ਹੋਈ ਸੰਕਟਮਈ ਸਥਿਤੀ ਦੌਰਾਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਆਪਣੀ ਜ਼ਿੰਮੇਵਾਰੀ ਤੋਂ ਵੱਧ ਕੇ ਮਨੁੱਖਤਾ ਦੀ ਸੇਵਾ ਨਿਭਾਈ ਹੈ। ਸੈਕਟਰ ਹੈੱਡਕੁਆਟਰ ਗੁਰਦਾਸਪੁਰ ਦੇ ਡੀ.ਆਈ.ਜੀ. ਸ੍ਰੀ ਜਸਵਿੰਦਰ ਕੁਮਾਰ ਵਿਰਦੀ ਨੇ ਜਾਣਕਾਰੀ ਦਿੱਤੀ ਕਿ ਬੀ.ਐੱਸ.ਐੱਫ. ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਲਗਾਤਾਰ ਰਾਹਤ ਤੇ ਬਚਾਅ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਅਤੇ ਬੀ.ਐੱਸ.ਐੱਫ. ਏਅਰ ਵਿੰਗ ਦੇ ਹੈਲੀਕਾਪਟਰਾਂ ਰਾਹੀਂ ਹੜ੍ਹ-ਪ੍ਰਭਾਵਿਤ ਇਲਾਕਿਆਂ ਅਤੇ ਸਰਹੱਦੀ ਬੀ.ਓ.ਪੀ. ਤੋਂ ਫਸੇ ਜਵਾਨਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਇਸ ਨਾਲ ਨਾਲ, ਐਨ.ਡੀ.ਆਰ.ਐੱਫ. ਅਤੇ ਬੀ.ਐੱਸ.ਐੱਫ. ਵਾਟਰ ਵਿੰਗ ਦੀਆਂ ਸਪੀਡ ਬੋਟਾਂ ਵੀ ਇਸ ਰਾਹਤ ਮੁਹਿੰਮ ਵਿੱਚ ਲਗਾਤਾਰ ਸਰਗਰਮ ਰਹੀਆਂ ਅਤੇ ਕਈ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਡੀ.ਆਈ.ਜੀ. ਵਿਰਦੀ ਨੇ ਕਿਹਾ ਕਿ ਬੀ.ਐੱਸ.ਐੱਫ. ਦੀ ਇਹ ਕੋਸ਼ਿਸ਼ ਸਿਰਫ ਆਪਣੇ ਜਵਾਨਾਂ ਤੱਕ ਸੀਮਿਤ ਨਹੀਂ ਸੀ, ਸਗੋਂ ਹੜ੍ਹ-ਪ੍ਰਭਾਵਿਤ ਸਰਹੱਦੀ ਪਿੰਡਾਂ ਦੇ ਰਹਿਣ ਵਾਲਿਆਂ ਨੂੰ ਵੀ ਸਮੇਂ-ਸਿਰ ਬਚਾਇਆ ਗਿਆ। ਖ਼ਾਸ ਗੱਲ ਇਹ ਰਹੀ ਕਿ ਗੁਰਦਾਸਪੁਰ ਸੈਕਟਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਾ ਤਾਂ ਕਿਸੇ ਜਵਾਨ ਦੀ ਤੇ ਨਾ ਹੀ ਕਿਸੇ ਨਾਗਰਿਕ ਦੀ ਜਾਨ ਦਾ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ ਭਿਆਨਕ ਚੁਣੌਤੀਆਂ ਦੇ ਬਾਵਜੂਦ ਬੀ.ਐੱਸ.ਐੱਫ. ਨੇ ਦੇਸ਼ ਦੀ ਸਰਹੱਦ ਦੀ ਰੱਖਿਆ ਨਾਲ ਨਾਲ ਮਨੁੱਖਤਾ ਦੀ ਸੇਵਾ ਦਾ ਵੀ ਫਰਜ਼ ਨਿਭਾਇਆ ਹੈ। ਸੀਮਾ ਸੁਰੱਖਿਆ ਬਲ ਦੇਸ਼ ਦੀ ਸੰਪ੍ਰਭੂਤਾ ਅਤੇ ਸੁਰੱਖਿਆ ਨੂੰ ਹਮੇਸ਼ਾ ਪਹਿਲ ਦੇਂਦਾ ਆ ਰਿਹਾ ਹੈ ਅਤੇ ਇਹ ਜ਼ਿੰਮੇਵਾਰੀ ਹੜ੍ਹਾਂ ਵਰਗੀਆਂ ਆਫ਼ਤਾਂ ਵਿੱਚ ਵੀ ਨਿਭਾਈ ਜਾ ਰਹੀ ਹੈ। ਅੰਤ ਵਿੱਚ, ਡੀ.ਆਈ.ਜੀ. ਵਿਰਦੀ ਨੇ ਆਪਣੇ ਅਧਿਕਾਰੀਆਂ ਅਤੇ ਜਵਾਨਾਂ ਦੀ ਨਿਸ਼ਠਾ ਤੇ ਹਿੰਮਤ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਕੀਤੀ।
Get all latest content delivered to your email a few times a month.