ਤਾਜਾ ਖਬਰਾਂ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੀ ਕੀਤੀ ਗਈ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਸਿੱਖਾਂ ਦੀ ਅਤਿ ਅਹਿਮ ਵਿਰਾਸਤ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਹਵਾਲੇ ਵੀ ਦਿੱਤੇ ਗਏ ਹਨ ਅਤੇ ਇਸ ਤੋਂ ਪੁਰਾਤਨ ਇਤਿਹਾਸ ਤੇ ਸਰੋਤਾਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਸਾਹਿਤ ਦਾ ਇੱਕ ਅਨਮੋਲ ਖਜਾਨਾ ਹੈ ਜੋ ਕਿ ਸਿੱਖ ਇਤਿਹਾਸ ਦੀ ਖੋਜ ਵਿੱਚ ਦਿਲਚਲਪੀ ਰੱਖਣ ਵਾਲੇ ਖੋਜਾਰਥੀਆਂ ਨੂੰ ਅੱਜ ਵੀ ਸੇਧ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਬੀਤੇ ਸਮੇਂ ਤਰੁੱਟੀਆਂ ਸਮੇਤ ਮਹਾਨਕੋਸ਼ ਪ੍ਰਕਾਸ਼ਿਤ ਕੀਤੇ ਗਏ ਸਨ, ਜਿਸਦਾ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ ਅਤੇ ਇਹ ਮਾਮਲਾ ਪੰਜਾਬ ਹਰਿਆਣਾ ਉੱਚ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਇਸ ਉੱਤੇ ਰੋਕ ਲੱਗੀ ਸੀ। ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਰੁੱਟੀਆਂ ਨਾਲ ਪ੍ਰਕਾਸ਼ਿਤ ਕੀਤੇ ਸਿੱਖ ਸਾਹਿਤ ਦੀ ਸਸਕਾਰ ਸੇਵਾ ਕਰਨੀ ਸੀ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ ਨਾ ਕਿ ਸਿੱਖ ਰਵਾਇਤ ਤੇ ਮਰਯਾਦਾ ਦੇ ਉਲਟ ਕਾਰਵਾਈ ਕਰਨੀ ਚਾਹੀਦੀ ਸੀ।
Get all latest content delivered to your email a few times a month.