ਤਾਜਾ ਖਬਰਾਂ
ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਲੀਗਲ ਲਿਟਰੇਸੀ ਕਲੱਬ ਵੱਲੋਂ ਸਾਈਬਰ ਸੁਰੱਖਿਆ ਤੇ ਡਿਜ਼ਿਟਲ ਫਰੌਡ ਨੂੰ ਕੇਂਦਰ ਬਿੰਦੂ ਬਣਾਉਂਦੇ ਹੋਏ ਇੱਕ ਦਿਨ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਚੀਫ਼ ਜੂਡੀਸ਼ਲ ਮੈਜਿਸਟ੍ਰੇਟ ਬਠਿੰਡਾ, ਸ਼੍ਰੀਮਤੀ ਬਲਜਿੰਦਰ ਕੌਰ ਨੇ ਮੁੱਖ ਵਿਦਵਾਨ ਵਜੋਂ ਵਿਦਿਆਰਥੀਆਂ ਨਾਲ ਸੰਬੋਧਨ ਕੀਤਾ। ਉਹਨਾਂ ਨੇ ਆਪਣੇ ਲੈਕਚਰ ਰਾਹੀਂ ਬੈਂਕਿੰਗ ਧੋਖਾਧੜੀਆਂ, ਈ-ਵਾਲਿਟ ਫਰੌਡ, ਫ਼ਰਜ਼ੀ ਕਾਲਾਂ, ਆਨਲਾਈਨ ਖਰੀਦ-ਫਰੋਖ਼ਤ ਵਿੱਚ ਠੱਗੀ ਅਤੇ ਸੋਸ਼ਲ ਮੀਡੀਆ ਉਤਪੀੜਨ ਵਰਗੇ ਮਾਮਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਹਨਾਂ ਨੇ ਕਿਹਾ ਕਿ ਅਣਜਾਣੇ ਵਿੱਚ ਕੀਤੀਆਂ ਛੋਟੀਆਂ ਗ਼ਲਤੀਆਂ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਹਰ ਨੌਜਵਾਨ ਲਈ ਜਾਗਰੂਕ ਰਹਿਣਾ ਜ਼ਰੂਰੀ ਹੈ। ਨਾਲ ਹੀ, ਉਹਨਾਂ ਨੇ ਨਾਗਰਿਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਆਪਣੇ ਕਾਨੂੰਨੀ ਹੱਕਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਧੋਖਾਧੜੀ ਦੀ ਸਥਿਤੀ ਵਿੱਚ ਤੁਰੰਤ ਪੁਲਿਸ ਜਾਂ ਸਾਈਬਰ ਹੈਲਪਲਾਈਨ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ “ਸਾਈਬਰ ਸੁਰੱਖਿਆ ਹੀ ਡਿਜ਼ਿਟਲ ਯੁੱਗ ਦੀ ਅਸਲ ਢਾਲ ਹੈ।”
ਸੈਮੀਨਾਰ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਅਨੁਜਾ ਪੁਪਨੇਜਾ ਨੇ ਮੁੱਖ ਮਹਿਮਾਨ ਅਤੇ ਉਹਨਾਂ ਦੀ ਟੀਮ ਦਾ ਪੌਦਾ ਭੇਂਟ ਕਰਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ। ਨਾਲ ਹੀ ਉਹਨਾਂ ਇਹ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਦੀ ਜਾਗਰੂਕਤਾ ਲਈ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਕਰਵਾਏ ਜਾਣਗੇ। ਇਹ ਪ੍ਰੋਗਰਾਮ ਲੀਗਲ ਲਿਟਰੇਸੀ ਕਲੱਬ ਦੇ ਨੋਡਲ ਅਫਸਰ ਕਮਲ ਗਰਗ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ।
Get all latest content delivered to your email a few times a month.