IMG-LOGO
ਹੋਮ ਪੰਜਾਬ: ਉਦਯੋਗਪਤੀਆਂ ਦੇ ਸੁਝਾਵਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ...

ਉਦਯੋਗਪਤੀਆਂ ਦੇ ਸੁਝਾਵਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ – ਕੈਬਨਿਟ ਮੰਤਰੀ ਸੰਜੀਵ ਅਰੋੜਾ

Admin User - Aug 27, 2025 08:39 PM
IMG

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਵਿੱਚ ਉਦਯੋਗਾਂ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਪੱਧਰ ‘ਤੇ ਕਦਮ ਚੁੱਕ ਰਹੀ ਹੈ। ਇਸ ਸਬੰਧੀ ਜਾਣਕਾਰੀ ਕੈਬਨਿਟ ਮੰਤਰੀ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਸ੍ਰੀ ਸੰਜੀਵ ਅਰੋੜਾ ਨੇ ਬਠਿੰਡਾ ਵਿੱਚ ਆਯੋਜਿਤ ਰਾਈਜਿੰਗ ਪੰਜਾਬ - ਸੁਝਾਅ ਤੋਂ ਹੱਲ ਤੱਕ ਸਮਾਗਮ ਦੌਰਾਨ ਸਾਂਝੀ ਕੀਤੀ। ਸਮਾਗਮ ਵਿੱਚ ਬਠਿੰਡਾ ਸਮੇਤ ਆਸ-ਪਾਸ ਦੇ ਸੱਤ ਜ਼ਿਲ੍ਹਿਆਂ ਦੇ ਉਦਯੋਗਪਤੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਮੰਤਰੀ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਵਪਾਰ ਅਤੇ ਨਵੀਨਤਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਲਦੀ ਹੀ ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਆਧੁਨਿਕ ਪ੍ਰਦਰਸ਼ਨੀ-ਕਮ-ਕਨਵੈਨਸ਼ਨ ਸੈਂਟਰ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (PSIEC) ਨੇ ਫੋਕਲ ਪੁਆਇੰਟਾਂ ਦੇ ਵਿਕਾਸ ਲਈ 100 ਕਰੋੜ ਰੁਪਏ ਜਾਰੀ ਕੀਤੇ ਹਨ, ਜਿਨ੍ਹਾਂ ਵਿਚੋਂ 70 ਕਰੋੜ ਦੇ ਟੈਂਡਰ ਹੋ ਚੁੱਕੇ ਹਨ ਅਤੇ ਬਾਕੀ 30 ਕਰੋੜ ਦੀ ਪ੍ਰਕਿਰਿਆ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਸਰਕਾਰ ਵੱਲੋਂ ਉਦਯੋਗਾਂ ਨੂੰ 222 ਕਰੋੜ ਰੁਪਏ ਦੇ ਪ੍ਰੋਤਸਾਹਨ ਵੰਡੇ ਗਏ ਹਨ, ਜੋ ਪਿਛਲੇ ਸਾਲ ਦੇ 90 ਕਰੋੜ ਨਾਲੋਂ ਕਈ ਗੁਣਾ ਵੱਧ ਹਨ। ਨਵਾਂ ਸਿੰਗਲ-ਵਿੰਡੋ ਪੋਰਟਲ ਹੁਣ ਉਦਯੋਗ ਪ੍ਰਵਾਨਗੀਆਂ ਸਿਰਫ਼ 45 ਦਿਨਾਂ ਦੇ ਅੰਦਰ ਮੁਹੱਈਆ ਕਰਵਾ ਰਿਹਾ ਹੈ ਅਤੇ ਕਈ ਕੇਸਾਂ ਵਿੱਚ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਵੀ ਮਨਜ਼ੂਰੀ ਮਿਲ ਰਹੀ ਹੈ।

ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੇ ਨਾਲ ਮੋਢਾ ਨਾਲ ਮੋਢਾ ਲਗਾ ਕੇ ਖੜੀ ਹੈ ਅਤੇ ਜਲਦੀ ਹੀ ਇੱਕ ਨਵੀਂ ਪ੍ਰਾਈਵੇਟ ਇੰਡਸਟਰੀਅਲ ਪਾਰਕ ਨੀਤੀ ਲਿਆਂਦੀ ਜਾ ਰਹੀ ਹੈ। ਇਹ ਨੀਤੀ ਭਾਰਤ ਦੀਆਂ ਸਭ ਤੋਂ ਮੁਕਾਬਲੇਯੋਗ ਉਦਯੋਗਿਕ ਨੀਤੀਆਂ ‘ਚੋਂ ਇੱਕ ਹੋਵੇਗੀ, ਜਿਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ, ਨਵੀਂਆਂ ਨੌਕਰੀਆਂ ਦੇ ਮੌਕੇ ਅਤੇ ਲਾਲ ਸ਼੍ਰੇਣੀ ਦੀਆਂ ਇਕਾਈਆਂ ਲਈ ਵੱਖਰੇ ਸੁਰੱਖਿਅਤ ਖੇਤਰ ਮੁਹੱਈਆ ਕਰਵਾਏ ਜਾਣਗੇ।

ਬਠਿੰਡਾ ਦੇ ਵਿਕਾਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ 7 ਕਰੋੜ ਰੁਪਏ ਦੇ ਟੈਂਡਰ ਪਾਸ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਖ਼ਿਲਾਫ਼ ਸਰਕਾਰ ਦੇ ਯਤਨਾਂ ਕਾਰਨ ਸੂਬੇ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਈ ਹੈ।

ਸਮਾਗਮ ਦੌਰਾਨ ਮੰਤਰੀ ਅਰੋੜਾ ਨੇ ਵਪਾਰੀਆਂ ਦੇ ਸੁਝਾਵਾਂ ਤੇ ਸਵਾਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਪੱਕਾ ਭਰੋਸਾ ਦਿੱਤਾ। ਸਮਾਗਮ ਵਿੱਚ ਕਈ ਵਿਧਾਇਕਾਂ, ਅਧਿਕਾਰੀਆਂ ਅਤੇ ਵੱਖ-ਵੱਖ ਬੋਰਡਾਂ ਅਤੇ ਕਮੇਟੀਆਂ ਦੇ ਚੇਅਰਮੈਨ ਹਾਜ਼ਰ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.