ਤਾਜਾ ਖਬਰਾਂ
ਮਾਲੇਰਕੋਟਲਾ (ਭੁਪਿੰਦਰ ਗਿੱਲ) -ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਸਥਿਤ ਉਰਦੂ ਅਕੈਡਮੀ ਅਤੇ ਉਰਦੂ ਭਾਸ਼ਾ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਅਪਣੇ ਪੱਤਰ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੇ ਲਿਖਿਆ ਹੈ ਕਿ ਮਾਲੇਰਕੋਟਲਾ ਉਰਦੂ ਦਾ ਮਰਜ਼ਕ (ਕੇਂਦਰ) ਹੈ ਅਤੇ ਇਥੇ ਉਰਦੂ ਅਕੈਡਮੀ ਦੀ ਸਥਾਪਨਾ, ਉਰਦੂ ਨੂੰ ਉਤਸ਼ਾਹਤ ਕਰਨ ਲਈ ਕੀਤੀ ਗਈ ਸੀ ਪਰ ਪਿਛਲੇ ਡੇਢ ਸਾਲ ਤੋਂ ਉਰਦੂ ਨੂੰ ਵਧਾਉਣ ਲਈ ਇਕ ਪੈਸਾ ਬਜਟ ਵੀ ਅਲਾਟ ਨਹੀਂ ਹੋਇਆ। ਸਾਲ 2024-25 ਅਤੇ ਉਸ ਤੋਂ ਬਾਅਦ ਅਗਸਤ 2025 ਤਕ ਉਰਦੂ ਨੂੰ ਉਤਸ਼ਾਹਤ ਕਰਨ ਲਈ ਉਰਦੂ ਅਕੈਡਮੀ ਨੂੰ ਫ਼ੰਡ ਨਾ ਦਿਤੇ ਜਾਣ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਜਾਣਬੁਝ ਕੇ ਉਰਦੂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਪਿਛਲੇ ਗਿਆਰਾਂ ਸਾਲ ਤੋਂ ਮੁਲਾਜ਼ਮ ਪ੍ਰਵਾਨ ਪੋਸਟਾਂ ਉਤੇ ਠੇਕਾ ਅਧਾਰਤ ਕੰਮ ਕਰ ਰਹੇ ਹਨ। ਮੁਲਾਜ਼ਮਾਂ ਨੂੰ ਤੁੱਛ ਜਿਹੀ ਤਨਖ਼ਾਹ ਦੇ ਕੇ ਉਨ੍ਹਾਂ ਦਾ ਘੋਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਰਦੂ ਅਕੈਡਮੀ ਅਤੇ ਉਰਦੂ ਭਾਸ਼ਾ ਨੂੰ ਬਚਾਉਣ ਇਨ੍ਹਾਂ ਉੱਚ ਵਿਦਿਆ ਪ੍ਰਾਪਤ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਕੇ, ਪੂਰਨ ਤਨਖ਼ਾਹਾਂ ਦਿਤੀਆਂ ਜਾਣ। ਉਨ੍ਹਾਂ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਤੁਸੀਂ ਖ਼ੁਦ ਉਰਦੂ ਅਕੈਡਮੀ ਦੀ ਜਨਰਲ ਕੌਂਸਲ ਦੇ ਚੇਅਰਮੈਨ ਹੋ ਪਰ ਜਨਰਲ ਕੌਂਸਲ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਕੌਂਸਲ ਦਾ ਗਠਨ ਨਹੀਂ ਹੋਇਆ। ਉਰਦੂ ਅਕੈਡਮੀ ਦਾ ਸਕੱਤਰ ਭਾਸ਼ਾ ਵਿਭਾਗ ਦੇ ਸੰਗਰੂਰ ਤੋਂ ਇਕ ਅਜਿਹੇ ਕਰਚਮਾਰੀ ਨੂੰ ਨਿਯੁਕਤ ਕੀਤਾ ਹੋਇਆ ਹੈ ਜਿਸ ਦਾ ਉਰਦੂ ਨਾਲ ਦੂਰ-ਦੂਰ ਦਾ ਵੀ ਵਾਸਤਾ ਨਹੀਂ। ਉਸ ਨੇ ਸਤੰਬਰ, 2025 ਵਿਚ ਸੇਵਾ-ਮੁਕਤ ਹੋਣਾ ਹੈ, ਲਿਹਾਜ਼ਾ ਉਸ ਦੀ ਥਾਂ ਕਿਸੇ ਉਰਦੂ ਦੇ ਗਿਆਤਾ ਵਿਅਕਤੀ ਨੂੰ ਸਕੱਤਰ ਨਿਯੁਕਤ ਕੀਤਾ ਜਾਵੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਰਕਾਰ ਨੇ ਮਾਲੇਰਕੋਟਲਾ ਸਰਕਾਰੀ ਕਾਲਜ ਵਿਚੋਂ ਉਰਦੂ ਲੈਕਚਰਾਰਾਂ ਦੀਆਂ ਦੋ ਪੋਸਟਾਂ ਹੋਰ ਵਿਸ਼ਿਆਂ ਵਿਚ ਤਬਦੀਲ ਕਰ ਦਿਤੀਆਂ ਸਨ। 5 ਵਿਚੋਂ ਤਿੰਨ ਪੋਸਟ ਰਹਿ ਗਈਆਂ। ਇਸ ਸਮੇਂ ਸਰਕਾਰੀ ਕਾਲਜ ਜਿਥੇ ਉਰਦੂ ਵਿਚ ਮਾਸਟਰ ਡਿਗਰੀ ਕਰਵਾਈ ਜਾਂਦੀ ਹੈ, ਵਿਖੇ ਉਰਦੂ ਦੇ ਸਿਰਫ਼ ਦੋ ਲੈਕਚਰਾਰ ਕੰਮ ਕਰ ਰਹੇ ਹਨ, ਉਹ ਵੀ ਰਗੂਲਰ ਨਹੀਂ ਹਨ। ਕੁੜੀਆਂ ਦੇ ਸਰਕਾਰੀ ਕਾਲਜ ਵਿਚ ਉਰਦੂ ਦੀ ਪੋਸਟ ਨਹੀਂ ਹੈ। ਬੀ.ਐਡ ਕਾਲਜ ਮਲੇਰਕੋਟਲਾ ਵਿਚ ਉਰਦੂ ਨੂੰ ਟੀਚਿੰਗ ਵਿਸ਼ਾ ਰੱਖਣ ਦੀ ਵਿਵਸਥਾ ਨਹੀਂ, ਅਰਥਾਤ ਟੀਚਰ ਨਹੀਂ ਹੈ। ਜਿਹੜੇ ਬੱਚੇ ਬੀ.ਐਡ ਵਿਚ ਉਰਦੂ ਨੂੰ ਟੀਚਿੰਗ ਵਿਸ਼ਾ ਰੱਖਣਾ ਚਾਹੁੰਦੇ ਹਨ, ਉਨ੍ਹਾਂ ਵਿਚ ਨਿਰਾਸ਼ਾ ਦਾ ਆਲਮ ਹੈ। ਅਕਾਲੀ ਆਗੂ ਨੇ ਕਿਹਾ ਕਿ ਪਿਛਲੀਆਂ ਅਕਾਲੀ ਸਰਕਾਰਾਂ ਨੇ ਮਾਲੇਰਕੋਟਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਉਰਦੂ ਦੀ ਪ੍ਰਫੁਲਤਾ ਲਈ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਉਰਦੂ ਦੀਆਂ 42 ਪੋਸਟਾਂ ਇਕ ਪ੍ਰਾਜੈਕਟ ਅਧੀਨ ਭਰੀਆਂ ਸਨ ਪਰ ਇਸ ਸਰਕਾਰ ਨੇ ਉਰਦੂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਉਰਦੂ ਦੀ ਥਾਂ ਹੋਰ ਵਿਸ਼ਿਆਂ ਦੀ ਆਪਸ਼ਨ ਦਿਤੀ ਅਤੇ ਦੂਜੇ ਵਿਸ਼ਿਆਂ ਵਿਚ ਬਦਲ ਕੇ ਵਿਭਾਗ ਵਿਚ ਸ਼ਾਮਲ ਕਰ ਲਿਆ। ਇਸ ਤਰ੍ਹਾਂ ਉਰਦੂ ਦੀਆਂ 42 ਪੋਸਟਾਂ ਦਾ ਭੋਗਾ ਪਾ ਦਿਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਰਦੂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਾਡੇ ਬੱਚੇ ਅਤੇ ਸਾਡਾ ਭਾਈਚਾਰਾ ਉਰਦੂ ਪੜ੍ਹਨਾ ਚਾਹੁੰਦਾ ਹੈ। ਸਾਡੀਆਂ ਸੰਸਥਾਵਾਂ, ਸਾਡੇ ਖਿ਼ੱਤੇ ਦੀ ਭਾਸ਼ਾ ਅਤੇ ਸਾਡੇ ਧਾਰਮਕ ਸਥਾਨਾਂ ਦੀ ਸੁਰੱਖਿਆ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਸ ਸਮੇਂ ਪੰਜਾਬ ਦੇ ਸਾਰੇ ਉਰਦੂ ਪ੍ਰੇਮੀ, ਉਰਦੂ ਲੇਖਕ, ਵੱਖ-ਵੱਖ ਭਾਸ਼ਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਉਰਦੂ ਅਕੈਡਮੀ ਵੱਲ ਵੇਖ ਰਹੇ ਹਨ। ਅਕਾਲੀ ਸਰਕਾਰਾਂ ਦੌਰਾਨ ਉਰਦੂ ਅਕੈਡਮੀ ਵਲੋਂ ਲੇਖਕਾਂ ਨੂੰ ਸਨਮਾਨ ਰਾਸ਼ੀਆਂ ਦਿਤੀਆਂ ਗਈਆਂ, ਵਜ਼ੀਫ਼ੇ ਦਿਤੇ ਗਏ, ਚੰਗੇ ਉਰਦੂ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਤ ਕਰਵਾਈਆਂ ਗਈਆਂ, ਵੱਖ-ਵੱਖ ਸੈਮੀਨਾਰ ਕਰਵਾਏ ਗਏ ਪਰ ਤੁਹਾਡੀ ਸਰਕਾਰ ਨੇ ਉਰਦੂ ਅਕੈਡਮੀ ਨੂੰ ਬਿਲਕੁਲ ਹੀ ਚਿੱਟਾ ਹਾਥੀ ਬਣਾ ਦਿਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਰਦੂ ਅਕੈਡਮੀ ਨੂੰ ਉਰਦੂ ਦੀ ਪ੍ਰਫੁਲਤਾ ਲਈ ਤੁਰੰਤ ਬਜਟ ਅਲਾਟ ਕੀਤਾ ਜਾਵੇ। ਸਰਕਾਰੀ ਕਾਲਜ ਮਾਲੇਰਕੋਟਲਾ ਵਿਚ ਉਰਦੂ ਦੀਆਂ ਪੋਸਟਾਂ ਵਧਾ ਕੇ, ਲੈਕਚਰਾਰ ਨਿਯੁਕਤ ਕੀਤੇ ਜਾਣ। ਬੀ. ਐਡ ਕਾਲਜ ਅਤੇ ਕੁੜੀਆਂ ਦੇ ਕਾਲਜ ਵਿਚ ਉਰਦੂ ਦੀਆਂ ਪੋਸਟਾਂ ਬਹਾਲ ਕਰਕੇ ਨਿਯੁਕਤੀਆਂ ਕੀਤੀਆਂ ਜਾਣ। ਮਾਲੇਰਕੋਟਲਾ ਅਤੇ ਆਸਪਾਸ ਦੇ ਖੇਤਰਾਂ ਜਿਥੇ ਪਿਛਲੀਆਂ ਸਰਕਾਰਾਂ ਨੇ 42 ਉਰਦੂ ਅਧਿਆਪਕਾਂ ਦੀ ਨਿਯੁਕਤੀ ਕੀਤੀ ਸੀ, ਵਿਖੇ ਉਰਦੂ ਦੇ ਟੀਚਰ ਤਾਇਨਾਤ ਕੀਤੇ ਜਾਣ ਤਾਕਿ ਮਾਲੇਰਕੋਟਲਾ ਵਾਸੀਆਂ ਨੂੰ ਮਹਿਸੂਸ ਹੋ ਸਕੇ ਕਿ ਇਹ ਸਰਕਾਰ ਸਾਰੇ ਵਰਗਾਂ, ਧਰਮਾਂ ਅਤੇ ਸਮੂਹਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਕਿਸੇ ਨਾਲ ਕੋਈ ਵਿੱਤਕਰਾ ਨਹੀਂ ਕੀਤਾ ਜਾਂਦਾ।
Get all latest content delivered to your email a few times a month.