ਤਾਜਾ ਖਬਰਾਂ
ਬਠਿੰਡਾ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ 69ਵੀਆਂ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਮੁਸ਼ਕਲਾਂ ਤੇ ਨਾਕਾਮੀਆਂ ਤੋਂ ਨਾ ਡਰਦੇ ਹੋਏ ਲਗਾਤਾਰ ਕੋਸ਼ਿਸਾਂ ਕਰਦੇ ਰਹਿੰਦੇ ਹਨ। ਉਦਘਾਟਨ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਆਪਣੇ ਸੰਬੋਧਨ ਦੌਰਾਨ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ, ਸਿਹਤ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿਤਣ ਦਾ ਮੌਕਾ ਦਿੰਦੀਆਂ ਹਨ, ਉਥੇ ਹੀ ਇਹ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸਭ ਤੋਂ ਵਧੀਆ ਸਾਧਨ ਹਨ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਤਾਈਕਵਾਡੋਂ ਅੰਡਰ 14 ਮੁੰਡਿਆਂ ਦੇ ਵੱਖ-ਵੱਖ ਭਾਰ ਸ਼੍ਰੇਣੀਆਂ ਵਿੱਚ ਨਵਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਲਵਯਮ ਅਤੇ ਤਨਮੈ ਨੇ ਪਹਿਲੇ ਸਥਾਨ ਹਾਸਲ ਕੀਤੇ। ਇਸੇ ਤਰ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਅੰਡਰ 14 ਅਤੇ ਅੰਡਰ 19 ਕੁੜੀਆਂ ਦੀਆਂ ਸ਼੍ਰੇਣੀਆਂ ਵਿੱਚ ਸਿਮਰਨਪ੍ਰੀਤ ਕੌਰ, ਨਵਦੀਪ ਕੌਰ, ਅਮਨਪ੍ਰੀਤ ਕੌਰ ਅਤੇ ਹਰਨੂਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਥਾਨ ਪ੍ਰਾਪਤ ਕੀਤਾ। ਖੋ-ਖੋ ਮੁਕਾਬਲਿਆਂ ਵਿੱਚ ਭੁੱਚੋ ਮੰਡੀ, ਮੰਡੀ ਫੂਲ ਅਤੇ ਮੋੜ ਮੰਡੀ ਦੀਆਂ ਟੀਮਾਂ ਨੇ ਆਪਣੀ ਵਧਤ ਦਰਜ ਕੀਤੀ।
ਉਦਘਾਟਨ ਸਮਾਗਮ ਦੌਰਾਨ ਕੌਂਸਲਰ ਸੁਖਦੀਪ ਸਿੰਘ ਢਿਲੋਂ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਸੁਨੀਲ ਗੁਪਤਾ, ਲੈਕਚਰਾਰ ਜਗਦੀਸ਼ ਕੁਮਾਰ ਸਮੇਤ ਕਈ ਹੋਰ ਗਣਮਾਨਯ ਹਸਤੀਆਂ ਵੀ ਮੌਜੂਦ ਸਨ। ਸਮਾਗਮ ਨੂੰ ਖਿਡਾਰੀਆਂ ਦੇ ਜ਼ਜਬੇ ਅਤੇ ਉਤਸ਼ਾਹ ਨੇ ਹੋਰ ਵੀ ਰੰਗੀਨ ਬਣਾ ਦਿੱਤਾ।
Get all latest content delivered to your email a few times a month.