ਤਾਜਾ ਖਬਰਾਂ
ਸਮਰਾਲਾ ਨੇੜਲੇ ਪਿੰਡ ਟੋਡਰਪੁਰ ਵਿੱਚ ਬਿਕਰਮਜੀਤ ਸਿੰਘ ਉਰਫ਼ ਵਿੱਕੀ (ਉਮਰ 35, ਵਾਸੀ ਪਿੰਡ ਅਮਰਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਦੀ ਰਹਸਮਈ ਮੌਤ ਨੇ ਨਵਾਂ ਮੋੜ ਲੈ ਲਿਆ ਹੈ। ਬੁੱਧਵਾਰ ਨੂੰ ਹੋਈ ਇਸ ਘਟਨਾ 'ਚ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸਦੇ ਸਾਥੀ ਜੁਝਾਰ ਸਿੰਘ (ਉਮਰ 20) ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਪਰਿਵਾਰ ਦਾ ਦਾਅਵਾ ਹੈ ਕਿ ਜੁਝਾਰ ਸਿੰਘ ਬੇਕਸੂਰ ਹੈ ਅਤੇ ਬਿਕਰਮਜੀਤ ਦੀ ਮੌਤ ਵੱਧ ਨਸ਼ਾ ਕਰਨ ਕਾਰਨ ਹੋਈ ਹੈ। ਮੁਲਜ਼ਮ ਦੇ ਪਿਤਾ ਕਿਸ਼ਨ ਸਿੰਘ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਵੀ ਉਸ ਸਮੇਂ ਨਸ਼ੇ ਵਿੱਚ ਸੀ ਪਰ ਛੋਟੀ ਉਮਰ ਕਾਰਨ ਬਚ ਗਿਆ।
ਇਸੇ ਤਰ੍ਹਾਂ ਪਿੰਡ ਨਾਨੋਵਾਲ ਕਲਾਂ ਦੇ ਵਾਸੀਆਂ ਨੇ ਵੀ ਪੁਲਿਸ 'ਤੇ ਦੋਸ਼ ਲਗਾਇਆ ਕਿ ਆਪਣੀ ਨਾਕਾਮੀ ਲੁਕਾਉਣ ਲਈ ਜੁਝਾਰ ਸਿੰਘ ਉੱਤੇ ਕਤਲ ਦਾ ਕੇਸ ਪਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੌਤ ਦੇ ਸਮੇਂ ਹੋਰ ਦੋ ਨੌਜਵਾਨ ਵੀ ਮੌਜੂਦ ਸਨ ਅਤੇ ਇਸਦੀ ਵੀਡੀਓ ਵੀ ਉਨ੍ਹਾਂ ਕੋਲ ਮੌਜੂਦ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਜੁਝਾਰ ਸਿੰਘ ਦਾ ਡੋਪ ਟੈਸਟ ਕਰਨਾ ਲਾਜ਼ਮੀ ਹੈ।
ਦੂਜੇ ਪਾਸੇ ਐਸਐਚਓ ਪਵਿੱਤਰ ਸਿੰਘ ਨੇ ਸਪਸ਼ਟ ਕੀਤਾ ਕਿ ਮ੍ਰਿਤਕ ਦਾ ਪੋਸਟਮਾਰਟਮ ਹੋ ਚੁੱਕਾ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁਲਜ਼ਮ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ ਅਤੇ ਪਰਿਵਾਰ ਤੇ ਪਿੰਡ ਵਾਸੀਆਂ ਦੇ ਇਲਜ਼ਾਮ ਬੇਬੁਨਿਆਦ ਹਨ।
Get all latest content delivered to your email a few times a month.